ਨਵੀਂ ਦਿੱਲੀ: ਸਾਗਰ ਧਨਖੜ ਪਹਿਲਵਾਨ (Sagar Dhankhar Wrestler) ਕਤਲ ਮਾਮਲੇ ਵਿਚ ਪੁਲਿਸ ਹੱਥ ਵੱਡੀ ਸਫਲਤਾ ਲੱਗੀ ਹੈ। ਇਸ ਮਾਮਲੇ ਵਿਚ ਨਾਮਜ਼ਦ ਸੁਸ਼ੀਲ (Sushil wrestler) ਦੇ ਇਕ ਕਰੀਬੀ ਨੂੰ ਪੁਲਿਸ ਵਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਇਹ ਮੁਲਜ਼ਮ ਪੁਲਿਸ 'ਤੇ ਫਾਇਰਿੰਗ (Police firing) ਕਰਕੇ ਉਥੋਂ ਭੱਜਣ ਦੀ ਕੋਸ਼ਿਸ਼ ਵਿਚ ਸੀ ਪਰ ਪੁਲਿਸ ਵਲੋਂ ਉਸ ਨੂੰ ਕਾਬੂ ਕਰ ਲਿਆ ਗਿਆ। ਛੱਤਰਸਾਲ ਸਟੇਡੀਅਮ (Chhatrasal Stadium) ਦੇ ਬਾਹਰ ਹੋਏ ਸਾਗਰ ਪਹਿਲਵਾਨ ਦੇ ਕਤਲ ਮਾਮਲੇ ਵਿਚ ਫਰਾਰ ਇਕ ਮੁਲਜ਼ਮ ਨੂੰ ਸਪੈਸ਼ਲ ਸੈੱਲ (Special cell) ਵਲੋਂ ਵੀਰਵਾਰ ਨੂੰ ਗ੍ਰਿਫਤਾਰ (Arrested) ਕਰ ਲਿਆ ਗਿਆ। ਮੁਲਜ਼ਮ ਦੀ ਪਛਾਣ ਰਾਹੁਲ ਢਾਂਡਾ ਵਜੋਂ ਹੋਈ ਹੈ।
ਰਾਹੁਲ ਢਾਂਡਾ (Rahul Dhanda) ਸੁਸ਼ੀਲ ਦਾ ਬਹੁਤ ਹੀ ਅਜ਼ੀਜ਼ ਮਿੱਤਰ ਹੈ। ਉਸ ਦੀ ਗ੍ਰਿਫਤਾਰੀ ਲਈ ਦਿੱਲੀ ਪੁਲਿਸ ਵਲੋਂ 50 ਹਜ਼ਾਰ ਰੁਪਏ ਦਾ ਇਨਾਮ ਵੀ ਐਲਾਨਿਆ ਹੋਇਆ ਸੀ। ਸੂਤਰਾਂ ਮੁਤਾਬਕ ਉਹ ਕਥਿਤ ਗੈਂਗਸਟਰ ਸੋਨੂੰ ਦਰਿਆਪੁਰ ਦੀ ਗੈਂਗ ਨਾਲ ਵੀ ਜੁੜਿਆ ਹੋਇਆ ਸੀ। ਜਾਣਕਾਰੀ ਮੁਤਾਬਕ ਬੀਤੀ 4 ਮਈ ਦੀ ਰਾਤ ਛੱਤਰਸਾਲ ਸਟੇਡੀਅਮ ਵਿਚ ਪਹਿਲਵਾਨ ਸਾਗਰ ਧਨਖੜ ਨੂੰ ਕੁੱਟ-ਕੁੱਟ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਕਤਲ ਮਾਮਲੇ ਵਿਚ ਸੁਸ਼ੀਲ ਪਹਿਲਵਾਨ ਸਮੇਤ ਇਕ ਦਰਜਨ ਤੋਂ ਜ਼ਿਆਦਾ ਮੁਲਜ਼ਮ ਸ਼ਾਮਲ ਸਨ।
ਇਸ ਮਾਮਲੇ ਵਿਚ ਸੁਸ਼ੀਲ ਸਣੇ 10 ਤੋਂ ਵਧੇਰੇ ਮੁਲਜ਼ਮਾਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ, ਜਦੋਂ ਕਿ ਚਾਰ ਤੋਂ ਪੰਜ ਮੁਲਜ਼ਮ ਫਰਾਰ ਦੱਸੇ ਜਾ ਰਹੇ ਸਨ। ਅਦਾਲਤ ਵਿਚ ਕ੍ਰਾਈਮ ਬ੍ਰਾਂਚ ਵਲੋਂ ਇਸ ਕਤਲਕਾਂਡ ਨੂੰ ਲੈ ਕੇ ਚਾਰਜਸ਼ੀਟ ਵੀ ਦਾਖਲ ਕੀਤੀ ਜਾ ਚੁੱਕੀ ਹੈ। ਫਿਲਹਾਲ ਸੁਸ਼ੀਲ ਪਹਿਲਵਾਨ ਸਮੇਤ ਸਾਰੇ ਮੁਲਜ਼ਮ ਜੇਲ ਵਿਚ ਬੰਦ ਹਨ।