ਨਵੀਂ ਦਿੱਲੀ: ਅਨਿਲ ਬੈਜਲ ਦੇ ਅਸਤੀਫੇ ਤੋਂ ਬਾਅਦ ਵਿਨੇ ਕੁਮਾਰ ਸਕਸੈਨਾ ਨੂੰ ਦਿੱਲੀ ਦਾ ਉਪ ਰਾਜਪਾਲ ਨਿਯੁਕਤ ਕੀਤਾ ਗਿਆ ਹੈ। ਉਹ ਅਹੁਦਾ ਸੰਭਾਲਣ ਦੀ ਮਿਤੀ ਤੋਂ ਦਿੱਲੀ ਦੇ ਉਪ ਰਾਜਪਾਲ ਹੋਣਗੇ। ਇਸ ਤੋਂ ਪਹਿਲਾਂ ਵਿਨੈ ਕੁਮਾਰ ਸਕਸੈਨਾ ਭਾਰਤ ਸਰਕਾਰ ਦੇ ਖਾਦੀ ਗ੍ਰਾਮ ਉਦਯੋਗ ਕਮਿਸ਼ਨ ਦੇ ਚੇਅਰਮੈਨ ਸਨ। ਉਨ੍ਹਾਂ ਨੇ 27 ਅਕਤੂਬਰ 2015 ਨੂੰ ਚੇਅਰਮੈਨ ਦਾ ਅਹੁਦਾ ਸੰਭਾਲਿਆ।
ਅਨਿਲ ਬੈਜਲ ਦੇ ਅਸਤੀਫੇ ਤੋਂ ਬਾਅਦ ਚਰਚਾ ਸੀ ਕਿ ਪ੍ਰਫੁੱਲ ਖੋਡਾ ਪਟੇਲ, ਰਾਕੇਸ਼ ਮਹਿਤਾ, ਰਾਜੀਵ ਮਹਿਰਿਸ਼ੀ, ਸੁਨੀਲ ਅਰੋੜਾ ਅਤੇ ਰਾਕੇਸ਼ ਅਸਥਾਨਾ ਨੂੰ ਐਲਜੀ ਬਣਾਇਆ ਜਾ ਸਕਦਾ ਹੈ। ਉਪ ਰਾਜਪਾਲ ਦੇ ਅਹੁਦੇ 'ਤੇ ਬਣੇ ਅਨਿਲ ਬੈਜਲ ਦਾ ਦਿੱਲੀ ਸਰਕਾਰ ਨਾਲ ਵਿਵਾਦ ਚੱਲ ਰਿਹਾ ਸੀ। ਖਾਸ ਤੌਰ 'ਤੇ ਅਧਿਕਾਰਾਂ ਨੂੰ ਲੈ ਕੇ ਉਨ੍ਹਾਂ ਅਤੇ ਦਿੱਲੀ ਸਰਕਾਰ ਵਿਚਾਲੇ ਲਗਾਤਾਰ ਟਕਰਾਅ ਚੱਲ ਰਿਹਾ ਸੀ। ਦੋਵਾਂ ਵਿਚਾਲੇ ਵਿਵਾਦ ਸੁਪਰੀਮ ਕੋਰਟ ਤੱਕ ਪਹੁੰਚ ਗਿਆ।
ਵਾਜਪਾਈ ਸਰਕਾਰ ਵਿੱਚ ਕੇਂਦਰੀ ਗ੍ਰਹਿ ਸਕੱਤਰ :ਉਪ ਰਾਜਪਾਲ ਦੇ ਅਹੁਦੇ ਤੋਂ ਪਹਿਲਾਂ 1969 ਬੈਚ ਦੇ ਆਈਏਐਸ ਅਧਿਕਾਰੀ ਅਨਿਲ ਬੈਜਲ ਨੇ ਕਈ ਵੱਡੇ ਅਹੁਦਿਆਂ 'ਤੇ ਸੇਵਾ ਨਿਭਾਈ। ਉਨ੍ਹਾਂ ਨੂੰ ਦਿੱਲੀ ਦਾ 21ਵਾਂ ਲੈਫਟੀਨੈਂਟ ਗਵਰਨਰ ਬਣਾਇਆ ਗਿਆ। ਉਹ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਵਿੱਚ ਕੇਂਦਰੀ ਗ੍ਰਹਿ ਸਕੱਤਰ ਦੇ ਰੂਪ ਵਿੱਚ ਕੰਮ ਕਰ ਚੁੱਕੇ ਹਨ।
ਬੈਜਲ ਨੇ ਕਿਰਨ ਬੇਦੀ ਖਿਲਾਫ ਕਾਰਵਾਈ ਕੀਤੀ :ਕੇਂਦਰੀ ਗ੍ਰਹਿ ਸਕੱਤਰ ਹੁੰਦਿਆਂ ਉਨ੍ਹਾਂ ਨੇ ਕਿਰਨ ਬੇਦੀ 'ਤੇ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਜੇਲ੍ਹਾਂ ਦੇ ਮੁਖੀ ਦੇ ਅਹੁਦੇ ਤੋਂ ਹਟਾ ਦਿੱਤਾ ਸੀ। ਇਸ ਤੋਂ ਇਲਾਵਾ ਅਨਿਲ ਬੈਜਲ ਕਈ ਮੰਤਰਾਲਿਆਂ 'ਚ ਅਹਿਮ ਅਹੁਦਿਆਂ 'ਤੇ ਰਹੇ।
ਬੈਜਲ ਨੇ ਇਨ੍ਹਾਂ ਅਹੁਦਿਆਂ ਨੂੰ ਵੀ ਸੰਭਾਲਿਆਂ :ਉਹ ਦਿੱਲੀ ਵਿਕਾਸ ਅਥਾਰਟੀ ਦੇ ਉਪ-ਚੇਅਰਮੈਨ ਵਜੋਂ ਵੀ ਕੰਮ ਕਰ ਚੁੱਕੇ ਹਨ। ਉਹ ਅੰਡੇਮਾਨ ਅਤੇ ਨਿਕੋਬਾਰ ਟਾਪੂ ਦੇ ਮੁੱਖ ਸਕੱਤਰ, ਇੰਡੀਅਨ ਏਅਰਲਾਈਨਜ਼ ਦੇ ਐਮਡੀ, ਪ੍ਰਸਾਰ ਭਾਰਤੀ ਦੇ ਸੀਈਓ, ਗੋਆ ਦੇ ਵਿਕਾਸ ਕਮਿਸ਼ਨਰ, ਕਮਿਸ਼ਨਰ (ਵਿਕਰੀ ਕਰ ਅਤੇ ਆਬਕਾਰੀ) ਦਿੱਲੀ ਦੇ ਅਹੁਦੇ 'ਤੇ ਵੀ ਰਹੇ। ਉਹ 2006 ਵਿੱਚ ਸ਼ਹਿਰੀ ਵਿਕਾਸ ਮੰਤਰਾਲੇ ਦੇ ਸਕੱਤਰ ਵਜੋਂ ਸੇਵਾਮੁਕਤ ਹੋਏ। ਇਸ ਤੋਂ ਬਾਅਦ ਜਵਾਹਰ ਲਾਲ ਨਹਿਰੂ ਰਾਸ਼ਟਰੀ ਸ਼ਹਿਰੀ ਨਵੀਨੀਕਰਨ ਮਿਸ਼ਨ ਨਾਲ ਜੁੜੇ ਹੋਏ ਸਨ।
ਨਜੀਬ ਜੰਗ ਦੇ ਅਸਤੀਫੇ ਤੋਂ ਬਾਅਦ ਬਣੇ ਦਿੱਲੀ ਦੇ LG : ਦਸੰਬਰ 2016 ਵਿੱਚ, ਅਨਿਲ ਬੈਜਲ ਨਜੀਬ ਜੰਗ ਤੋਂ ਬਾਅਦ ਦਿੱਲੀ ਦੇ ਉਪ ਰਾਜਪਾਲ ਬਣੇ। ਨਜੀਬ ਜੰਗ ਵਾਂਗ ਉਨ੍ਹਾਂ ਦੇ ਵੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਮਤਭੇਦ ਸਨ। ਦਿੱਲੀ ਸਰਕਾਰ ਅਤੇ ਉਪ ਰਾਜਪਾਲ ਅਨਿਲ ਬੈਜਲ ਵਿਚਾਲੇ ਕਈ ਮਾਮਲਿਆਂ ਨੂੰ ਲੈ ਕੇ ਕਈ ਵਾਰ ਟਕਰਾਅ ਦੀਆਂ ਗੱਲਾਂ ਹੋ ਚੁੱਕੀਆਂ ਹਨ। ਉਨ੍ਹਾਂ ਨੇ ਇੱਕ ਸਾਲ ਪਹਿਲਾਂ ਦਿੱਲੀ ਸਰਕਾਰ ਦੀਆਂ 1000 ਬੱਸਾਂ ਦੀ ਖ਼ਰੀਦ ਪ੍ਰਕਿਰਿਆ ਦੀ ਜਾਂਚ ਲਈ ਤਿੰਨ ਮੈਂਬਰਾਂ ਦੀ ਕਮੇਟੀ ਬਣਾਈ ਸੀ। ਇਸ ਮੁੱਦੇ 'ਤੇ ਉਨ੍ਹਾਂ ਦੀ ਦਿੱਲੀ ਸਰਕਾਰ ਨਾਲ ਕਾਫੀ ਤਕਰਾਰ ਵੀ ਹੋਈ ਸੀ।
ਇਹ ਵੀ ਪੜ੍ਹੋ :ਗਿਆਨਵਾਪੀ ਦੀ ਤਰ੍ਹਾਂ ਇੰਨ੍ਹਾਂ 2 ਮੰਦਰਾਂ 'ਚ ਛਿੜਿਆ ਵਿਵਾਦ, ਜਾਣੋ ਕਿਉਂ...