ਨਵੀਂ ਦਿੱਲੀ: ਦਿੱਲੀ ਨਗਰ ਨਿਗਮ ਦੇ ਮੇਅਰ ਦੀ ਚੋਣ ਸੋਮਵਾਰ ਨੂੰ ਲਗਾਤਾਰ ਤੀਜੀ ਵਾਰ ਨਹੀਂ ਹੋ ਸਕੀ ਅਤੇ ਸਦਨ ਦੀ ਕਾਰਵਾਈ ਕਰੀਬ 11:15 ਵਜੇ ਸ਼ੁਰੂ ਹੋਈ। ਜਿਉਂ ਹੀ ਪ੍ਰੀਜ਼ਾਈਡਿੰਗ ਅਫ਼ਸਰ ਸੱਤਿਆ ਸ਼ਰਮਾ ਨੇ ਸਦਨ ਦੀ ਕਾਰਵਾਈ ਸ਼ੁਰੂ ਕਰਦਿਆਂ ਕਿਹਾ ਕਿ ਮੇਅਰ ਦੀ ਚੋਣ ਵਿੱਚ ਨਾਮਜ਼ਦ ਕੌਂਸਲਰ ਵੀ ਵੋਟ ਪਾਉਣਗੇ ਤਾਂ ਆਮ ਆਦਮੀ ਪਾਰਟੀ ਨੇ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਇਸ 'ਤੇ ਭਾਜਪਾ ਕੌਂਸਲਰਾਂ ਨੇ ਵੀ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਰੌਲਾ ਵਧਣ 'ਤੇ ਸਦਨ ਦੀ ਕਾਰਵਾਈ 10 ਮਿੰਟ ਲਈ ਮੁਲਤਵੀ ਕਰ ਦਿੱਤੀ ਗਈ।
ਇਸ ਤੋਂ ਬਾਅਦ ਜਦੋਂ ਦੁਬਾਰਾ ਕਾਰਵਾਈ ਸ਼ੁਰੂ ਹੋਈ ਤਾਂ ਭਾਜਪਾ ਕੌਂਸਲਰਾਂ ਨੇ ਕਿਹਾ ਕਿ ਜਿਨ੍ਹਾਂ ਵਿਧਾਇਕਾਂ ਖ਼ਿਲਾਫ਼ ਅਪਰਾਧਿਕ ਮਾਮਲੇ ਦਰਜ ਹਨ ਅਤੇ ਸਜ਼ਾਵਾਂ ਹੋ ਚੁੱਕੀਆਂ ਹਨ, ਉਨ੍ਹਾਂ ਨੂੰ ਮੇਅਰ ਦੀ ਚੋਣ ਵਿੱਚ ਵੋਟ ਦਾ ਅਧਿਕਾਰ ਨਾ ਦਿੱਤਾ ਜਾਵੇ। ਇਸ ਵਿੱਚ ਭਾਜਪਾ ਕੌਂਸਲਰਾਂ ਨੇ ‘ਆਪ’ ਵਿਧਾਇਕਾਂ ਸੰਜੀਵ ਝਾਅ ਅਤੇ ਅਖਿਲੇਸ਼ਪਤੀ ਤ੍ਰਿਪਾਠੀ ਦਾ ਨਾਂ ਵੀ ਲਿਆ, ਜਿਸ ਦਾ ਆਮ ਆਦਮੀ ਪਾਰਟੀ ਨੇ ਵਿਰੋਧ ਕੀਤਾ। ਦੋਵਾਂ ਧਿਰਾਂ ਦੇ ਕੌਂਸਲਰਾਂ ਵਿੱਚ ਵਿਰੋਧ ਇੰਨਾ ਵੱਧ ਗਿਆ ਕਿ ਨਿਗਮ ਹਾਊਸ ਦੀ ਕਾਰਵਾਈ ਇਕ ਘੰਟਾ ਵੀ ਨਹੀਂ ਚੱਲ ਸਕੀ। ਪ੍ਰੀਜ਼ਾਈਡਿੰਗ ਅਫ਼ਸਰ ਨੇ ਦੁਪਹਿਰ 12.12 ਵਜੇ ਨਿਗਮ ਹਾਊਸ ਦੀ ਕਾਰਵਾਈ ਅਗਲੇ ਹੁਕਮਾਂ ਤੱਕ ਮੁਲਤਵੀ ਕਰਨ ਦਾ ਐਲਾਨ ਕੀਤਾ।
ਨਿਗਮ ਦੀ ਕਾਰਵਾਈ ਟਾਲਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਿਧਾਇਕ ਸੌਰਭ ਭਾਰਦਵਾਜ ਨੇ ਭਾਜਪਾ 'ਤੇ ਵਿਸ਼ਾਨੇ ਸਾਧਦਿਆਂ ਕਿਹਾ ਕਿ ਭਾਜਪਾ ਨਿਗਮ ਵਿੱਚ ਵਿਸ਼ੇਸ਼ ਅਧਿਕਾਰੀ ਰਾਹੀਂ ਆਪਣੀ ਸਰਕਾਰ ਚਲਾ ਰਹੀ ਹੈ, ਉਹ ਚਾਹੁੰਦੀ ਹੈ ਕਿ ਚੋਣਾਂ ਕਿਸੇ ਵੀ ਤਰ੍ਹਾਂ ਚੋਣਾਂ ਨਾ ਹੋਣ ਅਤੇ ਆਮ ਆਦਮੀ ਪਾਰਟੀ ਦਾ ਮੇਅਰ ਨਾ ਬਣੇ। ਉਨ੍ਹਾਂ ਇਹ ਵੀ ਕਿਹਾ ਕਿ ਸਦਨ ਦੀ ਕਾਰਵਾਈ ਸੋਚੀ ਸਮਝੀ ਰਣਨੀਤੀ ਤਹਿਤ ਮੁਲਤਵੀ ਕੀਤੀ ਗਈ ਹੈ, ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਮੇਅਰ ਦੀ ਚੋਣ ਮੁਲਤਵੀ ਹੋਣ ਦੀ ਸੰਭਾਵਨਾ ਜਤਾਈ ਸੀ।