ਨਵੀਂ ਦਿੱਲੀ: ਦਿੱਲੀ ਸ਼ਰਾਬ ਘੁਟਾਲੇ ਦੇ ਮਾਮਲੇ ਵਿੱਚ ਪਹਿਲੀ ਵਾਰ ਸਾਬਕਾ ਡਿਪਟੀ ਸੀਐਮ ਮਨੀਸ਼ ਸਿਸੋਦੀਆ ਦਾ ਨਾਂ ਚਾਰਜਸ਼ੀਟ ਵਿੱਚ ਸਾਹਮਣੇ ਆਇਆ ਹੈ। ਵੀਰਵਾਰ ਨੂੰ ਈਡੀ ਨੇ ਰਾਉਸ ਐਵੇਨਿਊ ਕੋਰਟ ਵਿੱਚ 2000 ਪੰਨਿਆਂ ਦੀ ਸਪਲੀਮੈਂਟਰੀ ਚਾਰਜਸ਼ੀਟ ਦਾਇਰ ਕੀਤੀ ਹੈ। ਇਹ ਈਡੀ ਦੀ ਤੀਜੀ ਚਾਰਜਸ਼ੀਟ ਹੈ। ਜਦੋਂ ਕਿ ਇਹ ਪਹਿਲੀ ਅਜਿਹੀ ਚਾਰਜਸ਼ੀਟ ਹੈ ਜਿਸ ਵਿੱਚ ਮਨੀਸ਼ ਸਿਸੋਦੀਆ ਦਾ ਨਾਂ ਮੁਲਜ਼ਮ ਵਜੋਂ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਈਡੀ ਹੋਰ ਮੁਲਜ਼ਮਾਂ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕਰ ਚੁੱਕੀ ਹੈ। ਮਨੀਸ਼ ਸਿਸੋਦੀਆ ਆਬਕਾਰੀ ਨੀਤੀ ਮਾਮਲੇ ਦੇ ਮਨੀ ਲਾਂਡਰਿੰਗ ਮਾਮਲੇ 'ਚ 29ਵਾਂ ਦੋਸ਼ੀ ਹੈ। ਇਸ ਤੋਂ ਪਹਿਲਾਂ ਸੀਬੀਆਈ ਨੇ ਉਨ੍ਹਾਂ ਦੇ ਖਿਲਾਫ ਚਾਰਜਸ਼ੀਟ ਦਾਇਰ ਕੀਤੀ ਹੈ।
11 ਮਈ ਨੂੰ ਹਾਈਕੋਰਟ 'ਚ ਜ਼ਮਾਨਤ ਦੀ ਸੁਣਵਾਈ: 28 ਅਪ੍ਰੈਲ ਨੂੰ ਹੀ ਰਾਉਸ ਐਵੇਨਿਊ ਕੋਰਟ ਨੇ ਈਡੀ ਮਾਮਲੇ 'ਚ ਸਿਸੋਦੀਆ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਸੀ। ਸਿਸੋਦੀਆ ਨੇ ਅੱਜ ਹੀ ਦਿੱਲੀ ਹਾਈ ਕੋਰਟ 'ਚ ਇਸ ਵਿਰੁੱਧ ਪਟੀਸ਼ਨ ਦਾਇਰ ਕੀਤੀ ਹੈ। ਪਟੀਸ਼ਨ ਵਿੱਚ ਸਿਸੋਦੀਆ ਨੇ ਨਿਯਮਤ ਅਤੇ ਅੰਤਰਿਮ ਜ਼ਮਾਨਤ ਦੀ ਮੰਗ ਕੀਤੀ ਹੈ। ਇਸ 'ਤੇ ਅਦਾਲਤ ਨੇ ਈਡੀ ਨੂੰ ਇਕ ਹਫ਼ਤੇ ਦੇ ਅੰਦਰ ਰਿਪੋਰਟ ਦਾਖ਼ਲ ਕਰਨ ਲਈ ਕਿਹਾ ਹੈ। ਜ਼ਮਾਨਤ 'ਤੇ ਅਗਲੀ ਸੁਣਵਾਈ 11 ਮਈ ਨੂੰ ਹੋਵੇਗੀ।