ਨਵੀਂ ਦਿੱਲੀ: ਕੋਰੋਨਾ ਦੀ ਲਾਗ ਨੂੰ ਰੋਕਣ ਲਈ ਦਿੱਲੀ ਵਿੱਚ ਪੰਜਾਬੀ ਬਸਤੀ ਅਤੇ ਨਾਂਗਲੋਈ ਬਜ਼ਾਰ ਬੰਦ ਕਰਵਾਏ ਗਏ ਸਨ। ਐਤਵਾਰ ਨੂੰ ਮਾਰਕੀਟ ਬੰਦ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਸਨ। ਹਾਲਾਂਕਿ, ਸੋਮਵਾਰ ਸਵੇਰੇ 24 ਘੰਟਿਆਂ ਤੋਂ ਪਹਿਲਾਂ ਹੀ ਆਦੇਸ਼ ਵਾਪਸ ਲੈ ਲਿਆ ਗਿਆ ਸੀ।
ਲਾਕਡਾਊਨ ਸ਼ਬਦ ਪ੍ਰਸ਼ਾਸਨ ਵੱਲੋਂ ਜਾਰੀ ਕੀਤੇ ਗਏ ਆਦੇਸ਼ਾਂ ਵਿੱਚ ਕਿਤੇ ਵੀ ਇਸਤੇਮਾਲ ਨਹੀਂ ਕੀਤਾ ਗਿਆ ਸੀ। ਇਸ ਦੇ ਬਾਵਜੂਦ ਬਜ਼ਾਰਾਂ ਨੂੰ ਪੂਰੀ ਤਰ੍ਹਾਂ ਬੰਦ ਰੱਖਣ ਦੇ ਆਦੇਸ਼ ਦਿੱਤੇ ਗਏ ਸਨ। ਪਹਿਲਾਂ ਇਹ ਹੁਕਮ ਪੁਲਿਸ ਅਤੇ ਸਥਾਨਕ ਪ੍ਰਸ਼ਾਸਨ ਦੇ ਸਹਿਯੋਗ ਨਾਲ ਲਾਗੂ ਕੀਤਾ ਗਿਆ ਸੀ। ਇਨ੍ਹਾਂ ਇਲਾਕਿਆਂ ਦੇ ਬਜ਼ਾਰ 30 ਨਵੰਬਰ ਤੱਕ ਬੰਦ ਰਹਿਣ ਵਾਲੇ ਸਨ, ਪਰ ਸੋਮਵਾਰ ਨੂੰ ਜਾਰੀ ਕੀਤੇ ਗਏ ਆਦੇਸ਼ ਤੋਂ ਬਾਅਦ ਹੁਣ ਮਾਰਕੀਟ ਬੰਦ ਨਹੀਂ ਹੋਵੇਗੀ।
ਦਿੱਲੀ ਸਰਕਾਰ ਦੇ ਮੁਤਾਬਕ ਪੂਰੀ ਰਾਜਧਾਨੀ ਵਿੱਚ ਲਾਕਡਾਊਨ ਨਹੀਂ ਲਗਾਇਆ ਜਾਵੇਗਾ। ਪਰ ਜਿਹੜੇ ਇਲਾਕਿਆਂ ਵਿੱਚ ਸੰਕਰਮਣ ਦੀ ਸਥਿਤੀ ਵਧੇਰੇ ਗੰਭੀਰ ਹੋਵੇਗੀ, ਉਨ੍ਹਾਂ ਨੂੰ ਕੁਝ ਦਿਨਾਂ ਲਈ ਬੰਦ ਕੀਤਾ ਜਾ ਸਕਦਾ ਹੈ।
ਪੱਛਮੀ ਦਿੱਲੀ ਦੇ ਏਡੀਐਮ ਅਤੇ ਦਿੱਲੀ ਆਫ਼ਤ ਪ੍ਰਬੰਧਨ ਅਥਾਰਟੀ ਦੇ ਸੀਨੀਅਰ ਅਧਿਕਾਰੀ ਧਰਮਿੰਦਰ ਕੁਮਾਰ ਨੇ ਆਪਣੇ ਆਦੇਸ਼ ਵਿੱਚ ਕਿਹਾ ਕਿ ਪੰਜਾਬੀ ਬਸਤੀ, ਨਾਂਗਲੋਈ ਜਨਤਾ ਬਜ਼ਾਰ ਨੂੰ ਬੰਦ ਕਰਨ ਦੇ ਆਦੇਸ਼ ਦਿੱਤੇ ਗਏ ਹਨ ਕਿਉਂਕਿ ਇਸ ਦੇ ਕੁਝ ਖੇਤਰਾਂ ਵਿੱਚ ਮਾਸਕ ਪਹਿਨਣ ਅਤੇ ਸਰੀਰਕ ਦੂਰੀ ਬਣਾਈ ਰੱਖਣ ਦੀਆਂ ਹਦਾਇਤਾਂ ਦੀ ਪਾਲਣਾ ਸਹੀ ਤਰੀਕੇ ਨਾਲ ਨਹੀਂ ਕੀਤੇ ਜਾ ਰਹੀ ਸੀ।