ਨਵੀਂ ਦਿੱਲੀ:ਦਿੱਲੀ ਦੇ ਉਪ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੇ ਐਤਵਾਰ ਨੂੰ ਸੀਬੀਆਈ ਦਫ਼ਤਰ ਜਾਣ ਲਈ ਆਪਣੇ ਘਰੋਂ ਪੂਰੇ ਉਤਸ਼ਾਹ ਨਾਲ ਨਿਕਲੇ ਹਨ। ਉਨ੍ਹਾਂ ਨੇ ਅਪਣੀ ਮਾਂ ਕੋਲੋਂ ਆਸ਼ੀਰਵਾਦ ਲਿਆ। ਇਸ ਤੋਂ ਬਾਅਦ ਸਿਸੋਦੀਆ ਸਵੇਰੇ 9.45 ਵਜੇ ਕਾਰ ਵਿੱਚ ਬੈਠੇ ਅਤੇ ਜਿੱਤ ਦਾ ਸੰਕੇਤ (V) ਦਿਖਾਉਂਦੇ ਹੋਏ ਨਿਕਲ ਗਏ। ਇਸ ਦੌਰਾਨ, ਮਨੀਸ਼ ਸਿਸੋਦੀਆ ਦੇ ਚਿਹਰੇ 'ਤੇ ਸੀਬੀਆਈ ਦੀ ਜਾਂਚ ਨੂੰ ਲੈ ਕੋਈ ਟੈਂਸ਼ਨ ਜਾਂ ਦੁੱਖ ਨਹੀਂ ਸੀ। ਉਨ੍ਹਾਂ ਨੇ ਸੀਬੀਆਈ ਦਫ਼ਤਰ ਜਾਣ ਤੋਂ ਪਹਿਲਾਂ ਦਿੱਲੀ ਵਾਸੀਆਂ ਨੂੰ ਸੰਬੋਧਨ ਵੀ ਕੀਤਾ।
ਪ੍ਰਧਾਨ ਮੰਤਰੀ ਮੋਦੀ ਤੇ ਭਾਜਪਾ ਕੇਜਰੀਵਾਲ ਤੋਂ ਡਰ ਰਹੀ :ਆਪ ਸਾਂਸਦ ਰਾਘਵ ਚੱਢਾ ਨੇ ਕਿਹਾ ਕਿ, "ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਆਪ ਸਰਕਾਰ ਤੇ ਅਰਵਿੰਦ ਕੇਜਰੀਵਾਲ ਤੋਂ ਡਰਦੀ ਹੈ। ਇਸ ਲਈ ਇਹੋ ਜਿਹੀਆਂ ਕਾਰਵਾਈਆਂ ਕਰਵਾ ਰਹੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਨੇ ਜੋ ਦੋਸ਼ ਲਾਇਆ ਹੈ ਕਿ ਸਿਸੋਦੀਆ ਨੇ ਲੱਖਾਂ ਦਾ ਘੁਟਾਲਾ ਕੀਤਾ ਹੈ, ਮੈਂ ਪਹਿਲਾਂ ਭਾਜਪਾ ਦੇ ਨੇਤਾਵਾਂ ਤੋਂ ਪੁੱਛਣਾ ਚਾਹੁੰਦਾ ਹਾਂ ਕਿ ਲੱਖ ਦੇ ਪਿੱਛੇ ਕਿੰਨੀਆਂ ਜ਼ੀਰੋ ਲੱਗਦੀਆਂ ਹਨ, ਉਸ ਦਾ ਅੰਦਾਜ਼ਾ ਹੈ ਵੀ ਜਾਂ ਨਹੀਂ।"
ਰਾਜਘਾਟ 'ਤੇ ਆਪ ਵਰਕਰਾਂ ਦੀ ਭੀੜ ਵੀ ਜੁਟੀ :ਮਨੀਸ਼ ਸਿਸੋਦੀਆ ਮੁਸਕਰਾਉਂਦੇ ਹੋਏ ਸਭ ਦਾ ਨਮਸਕਾਰ ਸਵੀਕਾਰ ਕਰ ਰਹੇ ਸੀ ਤੇ ਕਿਹਾ ਕਿ ਉਹ ਲੜਣਗੇ ਤੇ ਜਿੱਤਣਗੇ। ਰਾਜ ਸਭਾ ਦੇ ਸੰਸਦ ਮੈਂਬਰ ਸੰਜੈ ਸਿੰਘ ਵੀ ਸਿਸੋਦੀਆ ਨਾਲ ਕਾਰ ਵਿੱਚ ਮੌਜੂਦ ਰਹੇ। ਸਿਸੋਦੀਆ ਸੀਬੀਆਈ ਦਫਤਰ ਜਾਣ ਤੋਂ ਪਹਿਲਾਂ ਸਿੱਧਾ ਰਾਜਘਾਟ ਗਏ। ਉਥੇ 'ਆਪ' ਵਰਕਰਾਂ ਦੀ ਵੱਡੀ ਭੀੜ ਵੀ ਮੌਜੂਦ ਰਹੀ। 'ਆਪ' ਦੇ ਚੋਟੀ ਦੇ ਨੇਤਾਵਾਂ ਦੇ ਨਾਲ, ਵਰਕਰ ਵੀ ਮਹਿਸੂਸ ਕਰਦੇ ਹਨ ਕਿ ਸਿਸੋਦੀਆ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ, ਹਾਲਾਂਕਿ, ਸਿਸੋਦੀਆ ਨੇ ਘਰੋਂ ਬਾਹਰ ਨਿਕਲਦੇ ਸਮੇਂ ਮੀਡੀਆ ਨਾਲ ਗੱਲ ਨਹੀਂ ਕੀਤੀ।
ਬਜਟ ਹੋਣ ਕਰਕੇ ਪਹਿਲਾਂ ਪੇਸ਼ ਨਹੀਂ ਹੋਏ ਸਿਸੋਦੀਆ :ਮਨੀਸ਼ ਸਿਸੋਦੀਆ ਨੂੰ ਦਿੱਲੀ ਆਬਕਾਰੀ ਘੁਟਾਲੇ ਦਾ ਮੁੱਖ ਮੁਲਜ਼ਮ ਬਣਾਇਆ ਗਿਆ ਹੈ ਅਤੇ ਸੀਬੀਆਈ ਨੇ ਸਿਸੋਦੀਆ ਨੂੰ 18 ਫਰਵਰੀ ਨੂੰ ਪੇਸ਼ ਹੋਣ ਲਈ ਨੋਟਿਸ ਭੇਜਿਆ ਸੀ। ਹਾਲਾਂਕਿ, ਸਿਸੋਦੀਆ ਨੇ, ਦਿੱਲੀ ਦੇ ਬਜਟ ਵਿੱਚ ਉਸ ਦੀ ਭੂਮਿਕਾ ਦੱਸੀ ਤੇ ਕੁਝ ਸਮਾਂ ਮੰਗਿਆ। ਸਿਸੋਦੀਆ ਨੇ ਕਿਹਾ ਸੀ ਕਿ, 'ਸਿੱਖਿਆ ਦੇ ਮੰਤਰੀ ਵਜੋਂ ਇਸ ਸਮੇਂ ਦਿੱਲੀ ਦੇ ਬਜਟ ਵੱਲ ਧਿਆਨ ਦੇਣਾ ਮਹੱਤਵਪੂਰਨ ਹੈ। ਸੀਬੀਆਈ 28 ਫਰਵਰੀ ਤੋਂ ਬਾਅਦ ਮੈਨੂੰ ਕਦੇ ਵੀ ਬੁਲਾ ਸਕਦਾ ਹੈ। ਮੈਂ ਹਮੇਸ਼ਾਂ ਸੀਬੀਆਈ ਵੱਲੋਂ ਕੀਤੀ ਜਾਂਦਾ ਜਾਂਚ ਦਾ ਸਮਰਥਨ ਕੀਤਾ ਹੈ, ਮੈਂ ਅੱਗੇ ਵੀ ਕਰਦਾ ਰਹਾਂਗਾ।'