ਵਾਸ਼ਿੰਗਟਨ ਡੀਸੀ:ਅਮਰੀਕਾ ਦੇ ਇੰਡੀਆਨਾ ਵਿੱਚ ਇੱਕ ਭਾਰਤੀ ਵਿਦਿਆਰਥੀ ਉੱਤੇ ਚਾਕੂ ਨਾਲ ਹਮਲਾ ਕੀਤਾ ਗਿਆ। ਜਿਸ ਤੋਂ ਬਾਅਦ ਉਸ ਨੂੰ ਗੰਭੀਰ ਹਾਲਤ 'ਚ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਅਮਰੀਕਾ ਨੇ ਭਾਰਤੀ ਵਿਦਿਆਰਥੀ 'ਤੇ ਹੋਏ ਹਮਲੇ 'ਤੇ ਅਫਸੋਸ ਪ੍ਰਗਟਾਇਆ ਹੈ। ਭਾਰਤੀ ਵਿਦਿਆਰਥੀ ਵਰੁਣ ਰਾਜ ਪੁਚਾ ਨੂੰ ਇੰਡੀਆਨਾ ਦੇ ਇੱਕ ਜਿਮ ਵਿੱਚ ਚਾਕੂ ਮਾਰ ਦਿੱਤਾ ਗਿਆ।
ਅਮਰੀਕੀ ਵਿਦੇਸ਼ ਵਿਭਾਗ ਨੇ ਵੀ ਵਰੁਣ ਦੇ ਪੂਰੀ ਤਰ੍ਹਾਂ ਠੀਕ ਹੋਣ ਦੀ ਕਾਮਨਾ ਕੀਤੀ ਹੈ। ਇਸ ਦੇ ਨਾਲ ਹੀ ਵਿਦੇਸ਼ ਵਿਭਾਗ ਨੇ ਕਿਹਾ ਹੈ ਕਿ ਉਹ ਇਸ ਮਾਮਲੇ ਵਿੱਚ ਕਿਸੇ ਵੀ ਸਵਾਲ ਦਾ ਜਵਾਬ ਦੇਣ ਲਈ ਸਥਾਨਕ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨਾਲ ਲਗਾਤਾਰ ਸੰਪਰਕ ਵਿੱਚ ਹੈ।
ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਨੇ ਖ਼ਬਰ ਏਜੰਸੀ ਨੂੰ ਦੱਸਿਆ ਕਿ ਅਸੀਂ ਭਾਰਤੀ ਗ੍ਰੈਜੂਏਟ ਵਿਦਿਆਰਥੀ ਵਰੁਣ ਰਾਜ ਪੁਚਾ 'ਤੇ ਬੇਰਹਿਮੀ ਨਾਲ ਹਮਲੇ ਦੀਆਂ ਰਿਪੋਰਟਾਂ ਤੋਂ ਬਹੁਤ ਦੁਖੀ ਹਾਂ। ਅਸੀਂ ਉਸ ਦੀਆਂ ਸੱਟਾਂ ਤੋਂ ਪੂਰੀ ਤਰ੍ਹਾਂ ਠੀਕ ਹੋਣ ਦੀ ਕਾਮਨਾ ਕਰਦੇ ਹਾਂ।
ਇੱਕ ਭਾਰਤੀ ਵਿਦਿਆਰਥੀ ਅਤੇ ਤੇਲੰਗਾਨਾ ਦਾ ਮੂਲ ਨਿਵਾਸੀ ਵਰੁਣ ਰਾਜ ਪੁਚਾ ਨੂੰ ਇੰਡੀਆਨਾ ਦੇ ਇੱਕ ਜਿਮ ਵਿੱਚ ਸਿਰ ਵਿੱਚ ਚਾਕੂ ਮਾਰਿਆ ਗਿਆ ਸੀ ਅਤੇ ਇਸ ਸਮੇਂ ਇੱਕ ਹਸਪਤਾਲ ਵਿੱਚ ਲਾਈਫ ਸਪੋਰਟ 'ਤੇ ਹੈ। ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
ਦੱਸ ਦਈਏ ਕਿ ਅਮਰੀਕੀ ਸੂਬੇ ਇੰਡੀਆਨਾ ਵਿੱਚ ਇੱਕ 24 ਸਾਲਾ ਭਾਰਤੀ ਵਿਦਿਆਰਥੀ 'ਤੇ ਬੇਰਹਿਮੀ ਨਾਲ ਹਮਲਾ ਕੀਤਾ ਗਿਆ ਸੀ। ਜਿਸ ਵਿੱਚ ਉਹ ਗੰਭੀਰ ਜ਼ਖ਼ਮੀ ਹੋ ਗਿਆ। ਵਰੁਣ 'ਤੇ ਉਸ ਸਮੇਂ ਹਮਲਾ ਕੀਤਾ ਗਿਆ ਜਦੋਂ 24 ਸਾਲਾ ਜੌਰਡਨ ਐਂਡਰੇਡ ਨੇ ਐਤਵਾਰ ਸਵੇਰੇ ਇੰਡੀਆਨਾ ਦੇ ਵਾਲਪਾਰਾਈਸੋ ਵਿਚ ਇਕ ਜਨਤਕ ਜਿਮ ਵਿਚ ਚਾਕੂ ਨਾਲ ਉਸ ਦੇ ਸਿਰ 'ਤੇ ਹਮਲਾ ਕਰ ਦਿੱਤਾ। NWIU ਟਾਈਮਜ਼ ਦੇ ਅਨੁਸਾਰ, ਇਸ ਹਿੰਸਕ ਕਾਰਵਾਈ ਦੇ ਪਿੱਛੇ ਦੇ ਉਦੇਸ਼ਾਂ ਦੀ ਅਜੇ ਵੀ ਜਾਂਚ ਕੀਤੀ ਜਾ ਰਹੀ ਹੈ।
ਰਿਪੋਰਟਾਂ ਦੱਸਦੀਆਂ ਹਨ ਕਿ ਪੀੜਤ ਵਰੁਣ ਨੂੰ ਚਾਕੂ ਦੇ ਹਮਲੇ ਕਾਰਨ ਗੰਭੀਰ ਸੱਟਾਂ ਲੱਗੀਆਂ ਹਨ। ਉਸ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਫੋਰਟ ਵੇਨ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੇ ਬਚਣ ਦੀ ਸੰਭਾਵਨਾ ਜ਼ੀਰੋ ਤੋਂ 5 ਫੀਸਦੀ ਦੱਸੀ ਗਈ ਹੈ। ਇਸ ਦਰਦਨਾਕ ਹਮਲੇ ਤੋਂ ਬਾਅਦ ਵਰੁਣ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਹਮਲਾਵਰ ਐਂਡਰੇਡ ਨੇ ਪੁਲਿਸ ਨੂੰ ਸੂਚਿਤ ਕੀਤਾ ਕਿ ਉਹ ਜਿਮ ਵਿਚ ਮਸਾਜ ਲਈ ਗਿਆ ਸੀ। ਜਿੱਥੇ ਉਸ ਨੇ ਪੀੜਤ ਵਰੁਣ ਰਾਜ ਨੂੰ ਦੇਖਿਆ। ਐਂਡਰਾਡ ਨੂੰ ਲੱਗਾ ਕਿ ਉਸ ਨੂੰ ਵਰੁਣ ਤੋਂ ਖਤਰਾ ਹੈ ਇਸ ਲਈ ਉਸ ਨੇ ਵਰੁਣ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਉਸ ਨੇ ਕਿਹਾ ਕਿ ਉਹ ਵਰੁਣ ਨੂੰ ਪਹਿਲਾਂ ਨਹੀਂ ਜਾਣਦਾ ਸੀ।
ਐਂਡਰੇਡ ਨੇ ਜ਼ੋਰ ਦੇ ਕੇ ਕਿਹਾ ਕਿ ਉਸਨੇ ਆਪਣੀ ਸਥਿਤੀ ਲਈ "ਉਚਿਤ ਤਰੀਕੇ ਨਾਲ" ਪ੍ਰਤੀਕਿਰਿਆ ਕੀਤੀ। ਜਿਵੇਂ ਕਿ ਉਸ ਦੀ ਚਾਰਜਸ਼ੀਟ ਦਸਤਾਵੇਜ਼ ਦੇ ਅਨੁਸਾਰ ਦਰਜ ਕੀਤੀ ਗਈ ਹੈ। ਪੁਲਿਸ ਨੇ ਐਂਡਰੇਡ ਦੇ ਬਿਆਨ ਦੇ ਆਧਾਰ 'ਤੇ ਕਿਹਾ ਕਿ ਐਂਡਰੇਡ ਨੂੰ ਉਸ ਵਿਅਕਤੀ ਤੋਂ ਖਤਰਾ ਮਹਿਸੂਸ ਹੋਇਆ ਅਤੇ ਆਪਣੇ ਡਰ ਦੇ ਜਵਾਬ ਵਿੱਚ ਉਸ ਨੇ ਹਮਲਾ ਕੀਤਾ।
ਮੀਡੀਆ ਏਜੰਸੀ ਦ ਟਾਈਮਜ਼ ਆਫ਼ ਨਾਰਥਵੈਸਟ ਇੰਡੀਆਨਾ ਦੇ ਅਨੁਸਾਰ, ਜਦੋਂ ਪੁਲਿਸ ਨੇ ਉਸਨੂੰ ਪੁੱਛਿਆ ਕਿ ਉਸਨੇ ਵਰੁਣ ਨੂੰ ਕਿੱਥੇ ਚਾਕੂ ਮਾਰਿਆ, ਤਾਂ ਐਂਡਰੇਡ ਨੇ ਕਿਹਾ ਕਿ ਮੈਂ ਇਸ ਗੱਲ ਨੂੰ ਦੁਹਰਾਉਣਾ ਨਹੀਂ ਚਾਹੁੰਦਾ, ਮੈਂ ਸਿੱਧਾ ਉਸਦੇ ਦਿਮਾਗ 'ਤੇ ਹਮਲਾ ਕੀਤਾ ਹੈ।