ਸੋਨੀਪਤ: ਪੰਜਾਬੀ ਅਦਾਕਾਰ ਅਤੇ ਲਾਲ ਕਿਲ੍ਹੇ ਦੀ ਹਿੰਸਾ ਦੇ ਦੋਸ਼ੀ ਦੀਪ ਸਿੱਧੂ (Deep Sidhu accused of Red Fort violence) ਦੀ ਹਰਿਆਣਾ ਦੇ ਸੋਨੀਪਤ ਵਿੱਚ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਬੁੱਧਵਾਰ ਸਵੇਰੇ ਸੋਨੀਪਤ ਦੇ ਸਿਵਲ ਹਸਪਤਾਲ 'ਚ ਦੀਪ ਸਿੱਧੂ ਦੀ ਲਾਸ਼ ਦਾ ਪੋਸਟਮਾਰਟਮ ਹੋ ਗਿਆ ਹੈ।
ਤਿੰਨ ਮੈਂਬਰੀ ਡਾਕਟਰਾਂ ਦੀ ਟੀਮ ਵੱਲੋਂ ਦੀਪ ਸਿੱਧੂ ਦੀ ਲਾਸ਼ ਦਾ ਪੋਸਟਮਾਰਟਮ ਕੀਤਾ ਗਿਆ ਹੈ। ਸੋਨੀਪਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੋਸਟਮਾਰਟਮ ਦੀ ਵੀਡੀਓਗ੍ਰਾਫੀ ਵੀ ਕੀਤੀ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਿਕ ਦੀਪ ਸਿੱਧੂ ਦਾ ਅੰਤਮ ਸਸਕਾਰ ਲੁਧਿਆਣਾ ’ਚ ਕੀਤਾ ਜਾ ਸਕਦਾ ਹੈ।
ਦੱਸ ਦਈਏ ਕਿ ਦੇਰ ਰਾਤ ਲਾਸ਼ ਨੂੰ ਖਰਖੌਦਾ ਸੀਐਚਸੀ ਤੋਂ ਪੋਸਟਮਾਰਟਮ ਲਈ ਸੋਨੀਪਤ ਸਿਵਲ ਹਸਪਤਾਲ ਲਿਆਂਦਾ ਗਿਆ। ਦੀਪ ਸਿੱਧੂ ਦੇ ਪਰਿਵਾਰਕ ਮੈਂਬਰ ਮੰਗਲਵਾਰ ਦੇਰ ਰਾਤ ਤੋਂ ਹੀ ਸੋਨੀਪਤ ਦੇ ਸਿਵਲ ਹਸਪਤਾਲ ਪਹੁੰਚੇ ਹਨ। ਇਸ ਦੇ ਨਾਲ ਹੀ ਅੱਜ ਸਵੇਰ ਤੋਂ ਹੀ ਦੀਪ ਸਿੱਧੂ ਦੇ ਸਮਰਥਕ ਵੱਡੀ ਗਿਣਤੀ ਵਿੱਚ ਹਸਪਤਾਲ ਪੁੱਜਣੇ ਸ਼ੁਰੂ ਹੋ ਗਏ ਹਨ। ਸਾਵਧਾਨੀ ਦੇ ਤੌਰ 'ਤੇ ਸੋਨੀਪਤ ਪੁਲਿਸ ਬਲ ਨੂੰ ਵੀ ਸਿਵਲ ਹਸਪਤਾਲ 'ਚ ਤਾਇਨਾਤ ਕੀਤਾ ਗਿਆ ਹੈ।
ਕੀ ਹੈ ਪੂਰਾ ਮਾਮਲਾ- ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਦੀਪ ਸਿੱਧੂ ਆਪਣੀ ਮਹਿਲਾ ਦੋਸਤ ਰੀਨਾ ਰਾਏ ਨਾਲ ਦਿੱਲੀ ਤੋਂ ਪੰਜਾਬ ਜਾ ਰਹੇ ਸੀ। ਅਚਾਨਕ ਉਨ੍ਹਾਂ ਦੀ ਸਕਾਰਪੀਓ ਗੱਡੀ ਟਰੱਕ ਨਾਲ ਟਕਰਾ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਸਕਾਰਪੀਓ ਦਾ ਅਗਲਾ ਹਿੱਸਾ ਟਰੱਕ ਦੇ ਅੰਦਰ ਜਾ ਵੜਿਆ। ਇਸ ਹਾਦਸੇ ਵਿੱਚ ਅਦਾਕਾਰ ਦੀ ਦਰਦਨਾਕ ਮੌਤ ਹੋ ਗਈ। ਲਾਸ਼ ਨੂੰ ਟੋਲ ਐਂਬੂਲੈਂਸ ਰਾਹੀਂ ਖਰਖੌਦਾ ਹਸਪਤਾਲ ਪਹੁੰਚਾਇਆ ਗਿਆ।
ਦੱਸ ਦਈਏ ਕਿ ਦੀਪ ਸਿੱਧੂ ਨੇ 26 ਜਨਵਰੀ 2021 ਨੂੰ ਕਿਸਾਨ ਅੰਦੋਲਨ ਦੌਰਾਨ ਲਾਲ ਕਿਲੇ 'ਤੇ ਨਿਸ਼ਾਨ ਸਾਹਿਬ (ਸਿੱਖ ਕੌਮ ਦਾ ਰਿਵਾਇਤੀ ਕੇਸਰੀ ਝੰਡਾ) ਅਤੇ ਕਿਸਾਨਾਂ ਦੇ ਹਰੇ-ਪੀਲੇ ਰੰਗ ਦਾ ਝੰਡਾ ਲਹਿਰਾਇਆ ਸੀ। ਜਿਸ ਤੋਂ ਬਾਅਦ ਦਿੱਲੀ ਪੁਲਿਸ ਨੇ ਉਸ ਨੂੰ ਹਿੰਸਾ ਦੇ ਇਲਜ਼ਾਮ ਵਿੱਚ ਗ੍ਰਿਫਤਾਰ ਕਰ ਲਿਆ ਸੀ।ਉਸ ਸਮੇਂ ਦੀਪ ਸਿੱਧੂ ਦਾ ਪੁਲਿਸ ਅਧਿਕਾਰੀਆਂ ਨਾਲ ਬਹਿਸ ਕਰਨ ਦਾ ਇੱਕ ਵੀਡੀਓ ਵੀ ਵਾਇਰਲ ਹੋਇਆ ਸੀ। ਜਿਸ ਵਿੱਚ ਉਸਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ ਕਿ ਇਹ ਇੱਕ ਕ੍ਰਾਂਤੀ ਹੈ। ਜੇਕਰ ਉਹ ਮੁੱਦੇ ਦੀ ਗੰਭੀਰਤਾ ਨੂੰ ਨਹੀਂ ਸਮਝਦੇ ਤਾਂ ਇਹ ਕ੍ਰਾਂਤੀ ਇਸ ਦੇਸ਼ ਅਤੇ ਦੱਖਣੀ ਏਸ਼ੀਆ ਦੀ ਭੂ-ਰਾਜਨੀਤੀ ਨੂੰ ਪਰਿਭਾਸ਼ਤ ਕਰੇਗੀ।
ਇਹ ਵੀ ਪੜੋ:ਅਦਾਕਾਰ ਦੀਪ ਸਿੱਧੂ ਦੀ ਸੜਕ ਹਾਦਸੇ 'ਚ ਮੌਤ, ਸਿੰਘੂ ਬਾਰਡਰ ਨੇੜੇ KMP 'ਤੇ ਵਾਪਰਿਆ ਹਾਦਸਾ