ਆਂਧਰਾ ਪ੍ਰਦੇਸ਼:ਬੀਤੇ ਦਿਨ ਐਤਵਾਰ ਨੂੰ ਇਕ ਵਾਰ ਫਿਰ ਵੱਡਾ ਰੇਲ ਹਾਦਸਾ ਵਾਪਰਿਆ ਹੈ। ਇਹ ਹਾਦਸਾ ਆਂਧਰਾ ਪ੍ਰਦੇਸ਼ ਦੇ ਵਿਜ਼ਿਆਨਗਰਮ ਜ਼ਿਲ੍ਹੇ ਵਿੱਚ ਹੋਇਆ, ਜਿੱਥੇ ਮਰਨ ਵਾਲਿਆਂ ਦੀ ਗਿਣਤੀ ਵੱਧ ਗਈ ਹੈ। ਸੂਤਰਾਂ ਨੇ ਦੱਸਿਆ ਕਿ ਵਿਜ਼ਿਆਨਗਰਮ ਰੇਲ ਹਾਦਸੇ 'ਚ ਮਰਨ ਵਾਲਿਆਂ ਦੀ ਗਿਣਤੀ 14 ਹੋ ਗਈ ਹੈ, ਜਦਕਿ 100 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਇਨ੍ਹਾਂ 'ਚੋਂ ਕੁਝ ਨੂੰ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ। ਇਹ ਹਾਦਸਾ ਆਂਧਰਾ ਪ੍ਰਦੇਸ਼ ਦੇ ਵਿਜ਼ਿਆਨਗਰਮ ਜ਼ਿਲ੍ਹੇ ਦੇ ਕੋਠਾਵਾਲਸਾ ਮੰਡਲ ਵਿੱਚ ਕਾਂਤਾਕੱਪੱਲੀ ਅਤੇ ਅਲਾਮੰਡਾ ਵਿਚਕਾਰ ਐਤਵਾਰ ਸ਼ਾਮ 7 ਵਜੇ ਵਾਪਰਿਆ।
ਸਿਗਨਲ ਓਵਰਸ਼ੂਟ ਕਾਰਨ ਹੋਇਆ ਹਾਦਸਾ:ਈਸਟ ਕੋਸਟ ਰੇਲਵੇ (ਈਸੀਓਆਰ) ਨੇ ਕਿਹਾ ਕਿ ਇਹ ਹਾਦਸਾ ਰਾਏਗੜਾ ਰੇਲਗੱਡੀ ਦੇ ਸਿਗਨਲ ਓਵਰਸ਼ੂਟ ਕਾਰਨ ਹੋਇਆ ਹੋ ਸਕਦਾ ਹੈ, ਜੋ ਕਿ ਲਾਲ ਸਿਗਨਲ 'ਤੇ ਨਹੀਂ ਸੀ, ਅਤੇ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ। ਬਚਾਅ ਕਾਰਜਾਂ ਵਿੱਚ ਸਹਾਇਤਾ ਲਈ ਹੈਲਪਲਾਈਨਾਂ ਖੋਲ੍ਹੀਆਂ ਗਈਆਂ ਹਨ। ਵਿਸ਼ਾਖਾਪਟਨਮ ਤੋਂ ਵਿਜ਼ਿਆਨਗਰਮ ਵੱਲ ਜਾ ਰਹੀ ਵਿਸ਼ਾਖਾਪਟਨਮ-ਪਲਾਸਾ (08532) ਰੇਲਗੱਡੀ ਨੂੰ ਕੁਝ ਮਿੰਟਾਂ ਬਾਅਦ ਵਿਸ਼ਾਖਾਪਟਨਮ-ਰਾਏਗੜਾ (08504) ਰੇਲਗੱਡੀ ਨੇ ਪਿੱਛੇ ਤੋਂ ਟੱਕਰ (Vizianagaram train accident) ਮਾਰ ਦਿੱਤੀ। ਰੇਲਵੇ ਨੇ ਕਿਹਾ ਹੈ ਕਿ ਵਿਸ਼ਾਖਾਪਟਨਮ-ਰਾਏਗੜਾ ਯਾਤਰੀ ਵਿਸ਼ੇਸ਼ ਰੇਲਗੱਡੀ ਨੇ ਵਿਜ਼ਿਆਨਗਰਮ ਜ਼ਿਲ੍ਹੇ ਦੇ ਕਾਂਤਾਕਾਪੱਲੇ 'ਤੇ ਸ਼ਾਮ 7 ਵਜੇ ਦੇ ਕਰੀਬ ਵਿਸ਼ਾਖਾਪਟਨਮ-ਪਲਾਸਾ ਯਾਤਰੀ ਰੇਲਗੱਡੀ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਇਸ ਕਾਰਨ ਇਸ ਦੇ ਚਾਰ ਡੱਬੇ ਪਟੜੀ ਤੋਂ ਉਤਰ ਗਏ। ਹਾਦਸੇ ਦਾ ਕਾਰਨ ਮਨੁੱਖੀ ਗਲਤੀ ਦੱਸਿਆ ਗਿਆ ਹੈ।
ਦੱਸ ਦਈਏ ਕਿ ਪੀਐਮ ਮੋਦੀ ਨੇ ਰੇਲ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ PMNRF ਤੋਂ 2 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਦਫਤਰ ਨੇ ਕਿਹਾ ਕਿ ਜ਼ਖਮੀਆਂ ਨੂੰ 50,000 ਰੁਪਏ ਦਿੱਤੇ ਜਾਣਗੇ।
22 ਰੇਲਾਂ ਰੱਦ:ਈਸਟ ਕੋਸਟ ਰੇਲਵੇ ਦੇ ਬੁਲਾਰੇ ਵਿਸ਼ਵਜੀਤ ਸਾਹੂ ਨੇ ਦੱਸਿਆ ਕਿ ਫਿਲਹਾਲ ਹਾਦਸੇ ਵਾਲੀ ਥਾਂ 'ਤੇ ਰੇਲਵੇ ਟਰੈਕ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਹੈ। ਰਾਹਤ ਅਤੇ ਬਚਾਅ ਕਾਰਜ ਖਤਮ ਹੋ ਗਏ ਹਨ। ਅਸੀਂ ਫਸੇ ਹੋਏ ਯਾਤਰੀਆਂ ਲਈ ਬੱਸਾਂ ਅਤੇ ਰੇਲ ਗੱਡੀਆਂ ਦਾ ਪ੍ਰਬੰਧ ਕੀਤਾ ਹੈ। ਹੁਣ ਤੱਕ 18 ਟਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ, ਜਦਕਿ 22 ਟਰੇਨਾਂ ਨੂੰ ਡਾਇਵਰਟ ਕੀਤਾ ਗਿਆ ਹੈ। ਅਸੀਂ ਸ਼ਾਮ 4 ਵਜੇ ਤੱਕ ਟਰੈਕ ਨੂੰ ਦੁਬਾਰਾ ਖੋਲ੍ਹਣ 'ਤੇ ਕੰਮ ਕਰ ਰਹੇ ਹਾਂ।
ਹਾਦਸੇ ਸਮੇਂ ਰੇਲ ਵਿੱਚ ਕਰੀਬ 100 ਤੋਂ ਵੱਧ ਯਾਤਰੀ ਮੌਜੂਦ:ਹਾਦਸੇ ਦੇ ਸਮੇਂ ਪਲਾਸਾ ਅਤੇ ਰਾਏਗੜਾ ਯਾਤਰੀ ਟਰੇਨਾਂ 'ਚ ਕਰੀਬ 1400 ਯਾਤਰੀ ਸਫਰ ਕਰ ਰਹੇ ਸਨ। ਘਟਨਾ ਵਾਲੇ ਸਥਾਨ 'ਤੇ ਰਾਹਤ ਕਾਰਜਾਂ 'ਚ ਲੱਗੇ ਕਰਮਚਾਰੀਆਂ ਦੇ ਅੰਦਾਜ਼ੇ ਮੁਤਾਬਕ ਮਰਨ ਵਾਲਿਆਂ ਦੀ ਗਿਣਤੀ 40-50 ਦੇ ਕਰੀਬ ਹੈ। ਅੱਧੀ ਰਾਤ ਤੱਕ ਕਰੀਬ 10 ਲਾਸ਼ਾਂ ਬਰਾਮਦ ਹੋ ਚੁੱਕੀਆਂ ਸਨ। ਅਜਿਹਾ ਲੱਗਦਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ, ਕਿਉਂਕਿ ਯਾਤਰੀਆਂ ਨੂੰ ਲੈ ਕੇ ਜਾਣ ਵਾਲੀਆਂ ਬੋਗੀਆਂ ਟੇਢੀਆਂ ਹੋ ਗਈਆਂ ਹਨ ਅਤੇ ਦੋ ਹਿੱਸਿਆਂ ਵਿੱਚ ਵੰਡੀਆਂ ਗਈਆਂ ਹਨ।
ਗਾਰਡ ਤੇ ਲੋਕੋ ਪਾਇਲਟ ਦੀ ਮੌਤ:ਪਲਾਸਾ ਟਰੇਨ ਦੀ ਪਿਛਲੀ ਬੋਗੀ ਵਿੱਚ ਮੌਜੂਦ ਗਾਰਡ ਐਮਐਸ ਰਾਓ ਅਤੇ ਰਾਏਗੜਾ ਟਰੇਨ ਦੇ ਇੰਜਣ ਵਿੱਚ ਬੈਠੇ ਲੋਕੋ ਪਾਇਲਟ ਦੀ ਮੌਤ ਹੋ ਗਈ। ਵਿਜ਼ਿਆਨਗਰਮ-ਕੋਟਵਾਲਸਾ ਮੁੱਖ ਸੜਕ ਤੋਂ ਦੁਰਘਟਨਾ ਵਾਲੀ ਥਾਂ 5 ਕਿਲੋਮੀਟਰ ਤੋਂ ਜ਼ਿਆਦਾ ਦੂਰ ਹੋਣ ਕਾਰਨ ਰਾਹਤ ਕਾਰਜਾਂ 'ਚ ਮੁਸ਼ਕਲ ਆ ਰਹੀ ਹੈ। NDRF ਅਤੇ SDRF ਦੀਆਂ ਟੀਮਾਂ ਵਲੋਂ ਬਚਾਅ ਕਾਰਜ ਪੂਰਾ ਕਰ ਚੁੱਕੀਆਂ ਹਨ।
AP ਦੇ ਸੀਐਮ ਵਲੋਂ ਮੁਆਵਜ਼ੇ ਦਾ ਐਲ਼ਾਨ: ਮੁੱਖ ਮੰਤਰੀ YS ਜਗਨ ਮੋਹਨ ਰੈਡੀ ਨੇ ਵੀ ਪੀੜਤਾਂ ਲਈ ਮੁਆਵਜ਼ੇ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਨੇ ਆਪਣੇ ਰਾਜਾਂ ਵਿੱਚ ਮ੍ਰਿਤਕਾਂ ਦੇ ਪਰਿਵਾਰਾਂ ਨੂੰ 10 ਲੱਖ ਰੁਪਏ ਅਤੇ ਜ਼ਖਮੀਆਂ ਨੂੰ 2 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਜਦੋਂ ਕਿ ਦੂਜੇ ਰਾਜਾਂ ਵਿੱਚ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2 ਲੱਖ ਰੁਪਏ ਅਤੇ ਜ਼ਖਮੀਆਂ ਨੂੰ 50,000 ਰੁਪਏ ਦਿੱਤੇ ਜਾਣਗੇ।