ਨਵੀਂ ਦਿੱਲੀ: ਸਰਕਾਰ ਨੇ ਪੈਨ ਨੂੰ ਆਧਾਰ ਨਾਲ ਲਿੰਕ ਕਰਨ ਦੀ ਸਮਾਂ ਸੀਮਾ ਤਿੰਨ ਮਹੀਨੇ ਵਧਾ ਕੇ 30 ਜੂਨ 2023 ਕਰ ਦਿੱਤੀ ਹੈ। ਇਹ ਜਾਣਕਾਰੀ ਮੰਗਲਵਾਰ ਨੂੰ ਇਕ ਅਧਿਕਾਰਤ ਬਿਆਨ 'ਚ ਦਿੱਤੀ ਗਈ। ਇਸ ਨਾਲ ਟੈਕਸਦਾਤਾਵਾਂ ਨੂੰ ਇਸ ਪ੍ਰਕਿਰਿਆ ਲਈ ਕੁਝ ਹੋਰ ਸਮਾਂ ਮਿਲੇਗਾ। ਪਹਿਲਾਂ ਇਸਦੀ ਸਮਾਂ ਸੀਮਾ 31 ਮਾਰਚ ਸੀ।
ਬਿਆਨ ਵਿੱਚ ਕਿਹਾ ਗਿਆ ਹੈ ਕਿ ਕੋਈ ਵੀ ਵਿਅਕਤੀ ਆਧਾਰ-ਪੈਨ ਨੂੰ ਲਿੰਕ ਕਰਨ ਨਾਲ ਸਬੰਧਤ ਅਥਾਰਟੀ ਨੂੰ ਆਪਣੇ ਆਧਾਰ ਨੰਬਰ ਦੀ ਜਾਣਕਾਰੀ ਦੇ ਸਕੇਗਾ। ਕੋਈ ਵੀ ਵਿਅਕਤੀ ਜਿਸਨੂੰ 1 ਜੁਲਾਈ, 2017 ਨੂੰ ਪੈਨ ਅਲਾਟ ਕੀਤਾ ਗਿਆ ਹੈ ਅਤੇ ਉਹ ਆਧਾਰ ਨੰਬਰ ਪ੍ਰਾਪਤ ਕਰਨ ਦੇ ਯੋਗ ਹੈ ਉਸਨੂੰ ਨਿਰਧਾਰਤ ਫ਼ੀਸ ਦੇ ਭੁਗਤਾਨ ਦੇ ਨਾਲ 31 ਮਾਰਚ, 2023 ਤੱਕ ਆਪਣੇ ਆਧਾਰ ਨੰਬਰ ਦੀ ਜਾਣਕਾਰੀ ਦੇਣ ਦੀ ਜ਼ਰੂਰਤ ਹੋਵੇਗੀ।
ਜੇ ਅਜਿਹਾ ਨਹੀ ਕੀਤਾ ਜਾਂਦਾ ਤਾਂ 1 ਅਪ੍ਰੈਲ, 2023 ਤੋਂ ਜੁਰਮਾਨਾ ਲੱਗ ਸਕਦਾ ਹੈ। 1 ਜੁਲਾਈ, 2023 ਤੋਂ ਅਜਿਹੇ ਟੈਕਸਦਾਤਾਵਾਂ ਦਾ ਪੈਨ ਜੋ ਆਪਣੀ ਆਧਾਰ ਜਾਣਕਾਰੀ ਦੇਣ ਵਿੱਚ ਅਸਫਲ ਰਹੇ ਹਨ ਉਨ੍ਹਾਂ ਦੇ ਪੈਨ ਅਕਿਰਿਆਸ਼ੀਲ ਹੋ ਜਾਣਗੇ। ਸਰਕਾਰ ਨੇ 1 ਅਪ੍ਰੈਲ, 2022 ਤੋਂ ਪੈਨ ਨੂੰ ਆਧਾਰ ਨਾਲ ਲਿੰਕ ਕਰਨ ਲਈ 500 ਰੁਪਏ ਦੀ ਫੀਸ ਲਗਾਈ ਸੀ ਅਤੇ ਬਾਅਦ ਵਿੱਚ 1 ਜੁਲਾਈ, 2022 ਤੋਂ ਇਸ ਨੂੰ ਵਧਾ ਕੇ 1,000 ਰੁਪਏ ਕਰ ਦਿੱਤਾ ਗਿਆ ਸੀ। ਹੁਣ ਤੱਕ 51 ਕਰੋੜ ਤੋਂ ਵੱਧ ਪੈਨ ਨੂੰ ਆਧਾਰ ਨਾਲ ਲਿੰਕ ਕੀਤਾ ਜਾ ਚੁੱਕਾ ਹੈ।