ਨਵੀਂ ਦਿੱਲੀ: ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ.ਸੀ.ਬੀ.) ਨੇ ਦੇਸ਼ ਭਰ 'ਚ 'ਡਾਰਕ ਵੈੱਬ' ਰਾਹੀਂ ਚੱਲ ਰਹੀ ਨਸ਼ਾ ਤਸਕਰੀ ਦੀ ਇਕ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ ਐੱਲ.ਐੱਸ.ਡੀ. ਦੀ ਹੁਣ ਤੱਕ ਦੀ ਸਭ ਤੋਂ ਵੱਡੀ ਖੇਪ ਜ਼ਬਤ ਕਰਕੇ ਛੇ ਲੋਕਾਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਇਹ ਲੋਕ ਵਿਦਿਆਰਥੀ ਅਤੇ ਨੌਜਵਾਨ ਹਨ।
ਹੈਲੁਸੀਨੋਜਨ ਵਜੋਂ ਸ਼੍ਰੇਣੀਬੱਧ:LSD ਜਾਂ ਲਾਈਸਰਜਿਕ ਐਸਿਡ ਡਾਇਥਾਈਲਾਮਾਈਡ ਅਸਲ ਵਿੱਚ ਇੱਕ ਸਿੰਥੈਟਿਕ ਰਸਾਇਣ ਅਧਾਰਤ ਨਸ਼ੀਲੇ ਪਦਾਰਥ ਹੈ ਅਤੇ ਇੱਕ ਹੈਲੁਸੀਨੋਜਨ ਵਜੋਂ ਸ਼੍ਰੇਣੀਬੱਧ ਕੀਤਾ ਗਿਆ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ ਇਹ ਨੈੱਟਵਰਕ ਪੋਲੈਂਡ, ਨੀਦਰਲੈਂਡ, ਅਮਰੀਕਾ ਅਤੇ ਭਾਰਤ ਦੇ ਵੱਖ-ਵੱਖ ਸੂਬਿਆਂ ਵਿੱਚ ਫੈਲਿਆ ਹੋਇਆ ਹੈ। ਇਹ ਨੈੱਟਵਰਕ ਡਾਰਕਨੈੱਟ ਰਾਹੀਂ ਕੰਮ ਕਰਦਾ ਹੈ ਅਤੇ ਭੁਗਤਾਨ ਲਈ ਕ੍ਰਿਪਟੋਕਰੰਸੀ ਦੀ ਵਰਤੋਂ ਕਰਦਾ ਹੈ। ਉਸ ਨੇ ਐਲਐਸਡੀ ਦੇ 15,000 ਬਲੌਟ ਜ਼ਬਤ ਕਰਨ ਦਾ ਦਾਅਵਾ ਕੀਤਾ ਹੈ।
ਸਭ ਤੋਂ ਵੱਡੀ ਖੇਪ: ਐਨਸੀਬੀ ਦੇ ਡਿਪਟੀ ਡਾਇਰੈਕਟਰ ਜਨਰਲ (ਉੱਤਰੀ ਰੇਂਜ) ਗਿਆਨੇਸ਼ਵਰ ਸਿੰਘ ਨੇ ਕਿਹਾ ਕਿ ਦੇਸ਼ ਵਿੱਚ ਇੱਕ ਹੀ ਆਪ੍ਰੇਸ਼ਨ ਵਿੱਚ ਜ਼ਬਤ ਕੀਤੀ ਗਈ ਐਲਐਸਡੀ ਬਲੌਟਸ ਦੀ ਇਹ ਸਭ ਤੋਂ ਵੱਡੀ ਖੇਪ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਕਰਨਾਟਕ ਪੁਲਿਸ ਨੇ 2021 ਵਿੱਚ ਐਲਐਸਡੀ ਦੇ ਸਭ ਤੋਂ ਵੱਧ 5,000 ਬਲੌਟ ਜ਼ਬਤ ਕੀਤੇ ਹਨ। ਉਨ੍ਹਾਂ ਦੱਸਿਆ ਕਿ ਨੌਜਵਾਨਾਂ ਵੱਲੋਂ ਐਲ.ਐਸ.ਡੀ ਦੀ ਜ਼ਿਆਦਾਤਰ ਦੁਰਵਰਤੋਂ ਕੀਤੀ ਜਾ ਰਹੀ ਹੈ ਅਤੇ ਇਸ ਨਾਲ ਸਿਹਤ ਸਬੰਧੀ ਗੰਭੀਰ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ।
'ਡਾਰਕ ਵੈੱਬ' ਉਨ੍ਹਾਂ ਫੋਰਮਾਂ ਨੂੰ ਦਰਸਾਉਂਦਾ ਹੈ ਜੋ ਇੰਟਰਨੈੱਟ ਦੀ ਡੂੰਘਾਈ ਵਿੱਚ ਲੁਕੇ ਹੋਏ ਹਨ ਜੋ ਨਸ਼ੇ ਵੇਚਣ, ਅਸ਼ਲੀਲ ਸਮੱਗਰੀ ਦੀ ਆਦਾਨ-ਪ੍ਰਦਾਨ ਅਤੇ ਹੋਰ ਗੈਰ-ਕਾਨੂੰਨੀ ਗਤੀਵਿਧੀਆਂ ਲਈ ਵਰਤੇ ਜਾਂਦੇ ਹਨ। ਇਹ ਗਤੀਵਿਧੀਆਂ ਇੰਟਰਨੈੱਟ 'ਤੇ ਸੰਚਾਰ ਵਿੱਚ ਨਿੱਜਤਾ ਬਣਾਈ ਰੱਖਣ ਲਈ 'ਆਨੀਅਨ ਰਾਊਟਰ' ਦੀ ਮਦਦ ਨਾਲ ਕੀਤੀਆਂ ਜਾਂਦੀਆਂ ਹਨ ਤਾਂ ਜੋ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਇਨ੍ਹਾਂ ਨੂੰ ਫੜ ਨਾ ਸਕਣ।