ਸ਼ਿਮਲਾ/ਕੁੱਲੂ/ਲਾਹੌਲ ਸਪੀਤੀ: ਹਿਮਾਚਲ ਪ੍ਰਦੇਸ਼ 'ਚ ਬਰਫਬਾਰੀ ਅਤੇ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਪੂਰਾ ਸੂਬਾ ਸੀਤ ਲਹਿਰ ਦੀ ਚਪੇਟ 'ਚ ਆ ਗਿਆ ਹੈ। ਉੱਥੇ ਹੀ ਕਿਨੌਰ 'ਚ ਬਰਫਬਾਰੀ ਕਾਰਨ ਠੰਡ ਨਾਲ ਤਿੰਨ ਸੈਲਾਨੀਆਂ ਦੀ ਮੌਤ ਹੋ ਗਈ ਹੈ। ਇਹ ਸੈਲਾਨੀ ਗੋਆ ਅਤੇ ਮੁੰਬਈ ਦੇ ਦੱਸੇ ਜਾ ਰਹੇ ਹਨ। ਮ੍ਰਿਤਕਾਂ ਦੀ ਪਛਾਣ ਦੀਪਕ ਨਰਾਇਣ (58), ਰਾਜੇਂਦਰ ਪਾਠਕ (65) ਅਤੇ ਅਸ਼ੋਕ ਮਧੂਕਰ (64) ਵਜੋਂ ਹੋਈ ਹੈ। ਦੱਸ ਦਈਏ ਕਿ ਬਰਫਬਾਰੀ ਦੇ ਕਾਰਨ ਤਾਪਮਾਨ ਵਿੱਚ ਛੇ ਤੋਂ ਸੱਤ ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ ਹੈ। ਮਨਾਲੀ-ਲੇਹ ਸੜਕ, ਗ੍ਰੈਨਫੂ-ਕਾਜ਼ਾ-ਸਮਦੋ ਸੜਕ ਕੁੱਲੂ, ਸ਼ਿਮਲਾ ਅਤੇ ਚੰਬਾ ਜ਼ਿਲ੍ਹਿਆਂ ਸਮੇਤ ਲਾਹੌਲ-ਸਪੀਤੀ, ਕਿੰਨੌਰ ਦੇ ਉੱਚੇ ਇਲਾਕਿਆਂ ਵਿੱਚ ਬਰਫਬਾਰੀ ਕਾਰਨ ਆਵਾਜਾਈ ਲਈ 67 ਸੜਕਾਂ ਬੰਦ ਕਰ ਦਿੱਤੀਆਂ ਗਈਆਂ ਹਨ।
ਇਕੱਲੇ ਲਾਹੌਲ ਸਪਿਤੀ ਵਿੱਚ 56 ਸੜਕਾਂ ਹਨ, ਕੁੱਲੂ ਵਿੱਚ 1 ਅਤੇ ਚੰਬਾ ਵਿੱਚ 7 ਸੜਕਾਂ ਦੀ ਆਵਾਜਾਈ ਲਈ ਬੰਦ ਹਨ। ਸੂਬੇ ਦੇ ਜ਼ਿਆਦਾਤਰ ਹਿੱਸਿਆਂ 'ਚ ਤੇਜ਼ ਹਵਾਵਾਂ ਅਤੇ ਹਨੇਰੀ ਨੇ ਵੀ ਲੋਕਾਂ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ। ਸ਼ਿਮਲਾ ਅਤੇ ਸਿਰਮੌਰ ਦੀਆਂ ਉੱਚੀਆਂ ਚੋਟੀਆਂ 'ਤੇ ਇਸ ਸਾਲ ਪਹਿਲੀ ਵਾਰ ਬਰਫਬਾਰੀ ਹੋਈ ਹੈ। ਮੌਸਮ ਵਿਭਾਗ ਦੇ ਮੁਤਾਬਿਕ ਗੋਂਦਲਾ ਵਿੱਚ 18 ਸੈਂਟੀਮੀਟਰ, ਹੰਸਾ ਵਿੱਚ 10 ਅਤੇ ਕੀਲੰਗ ਵਿੱਚ 3 ਸੈਂਟੀਮੀਟਰ ਤਾਜ਼ਾ ਬਰਫ਼ਬਾਰੀ ਦਰਜ ਕੀਤੀ ਗਈ ਹੈ। ਡਲਹੌਜ਼ੀ ਵਿੱਚ 77 ਮਿਲੀਮੀਟਰ ਅਤੇ ਓਲਿੰਡਾ ਵਿੱਚ 60 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਚੰਬਾ ਦੇ ਖੇੜੀ ਵਿੱਚ 57, ਊਨਾ ਵਿੱਚ 53, ਬੰਗਾਨਾ ਵਿੱਚ 50, ਨਗਰੋਟਾ ਸੂਰੀਆਂ ਵਿੱਚ 41, ਸਲੂਨੀ ਵਿੱਚ 36, ਧਰਮਸ਼ਾਲਾ ਵਿੱਚ 16, ਕਸੌਲੀ ਵਿੱਚ 14, ਨਦੌਨ ਵਿੱਚ 11 ਅਤੇ ਭਰਮੌਰ ਵਿੱਚ 10 ਮਿਲੀਮੀਟਰ ਮੀਂਹ ਪਿਆ।
ਭਾਰੀ ਬਰਫਬਾਰੀ ਨੇ ਲਾਹੌਲ-ਸਪੀਤੀ ਨੂੰ ਪ੍ਰਭਾਵਿਤ ਕੀਤਾ ਹੈ, ਜਿਸ ਕਾਰਨ ਘਾਟੀ ਵਿੱਚ ਮਨਾਲੀ ਅਤੇ ਕੇਲਾਂਗ ਦੇ ਵਿਚਕਾਰ ਵਾਹਨਾਂ ਦੀ ਆਵਾਜਾਈ ਰੁਕ ਗਈ ਹੈ ਅਤੇ ਪ੍ਰਸ਼ਾਸਨ ਨੇ ਘਾਟੀ ਵਿੱਚ ਯਾਤਰੀ ਵਾਹਨਾਂ ਦੀ ਆਵਾਜਾਈ 'ਤੇ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ ਹੈ। ਰੋਹਤਾਂਗ ਦੱਰੇ 'ਚ 3 ਫੁੱਟ ਤੋਂ ਜ਼ਿਆਦਾ ਬਰਫ ਦੀ ਮੋਟੀ ਪਰਤ ਜੰਮ ਗਈ ਹੈ, ਜਦਕਿ ਅਟਲ ਸੁਰੰਗ ਰੋਹਤਾਂਗ ਦੇ ਦੋਵੇਂ ਸਿਰਿਆਂ 'ਤੇ ਅੱਧਾ ਫੁੱਟ ਦੇ ਕਰੀਬ ਬਰਫ ਜਮ੍ਹਾ ਹੋ ਗਈ ਹੈ। ਇਸ ਲਈ ਲਾਹੌਲ-ਸਪੀਤੀ ਪ੍ਰਸ਼ਾਸਨ ਨੇ ਸਾਵਧਾਨੀ ਦੇ ਤੌਰ 'ਤੇ ਘਾਟੀ 'ਚ ਸੈਲਾਨੀਆਂ ਦੇ ਵਾਹਨਾਂ ਦੀ ਆਵਾਜਾਈ 'ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਦੇ ਨਾਲ ਹੀ ਡਿਪਟੀ ਕਮਿਸ਼ਨਰ ਕਿਨੌਰ ਅਪੂਰਵਾ ਦੇਵਗਨ ਨੇ ਸੈਲਾਨੀਆਂ ਅਤੇ ਸਥਾਨਕ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਦੋਂ ਤੱਕ ਮੌਸਮ ਆਮ ਵਾਂਗ ਨਹੀਂ ਹੋ ਜਾਂਦਾ ਉਦੋਂ ਤੱਕ ਪਹਾੜ ਦੇ ਨੇੜੇ ਨਾ ਜਾਣ।