ਨਵੀਂ ਦਿੱਲੀ/ਨੋਇਡਾ : ਨੋਇਡਾ ਦੇ ਫੇਜ਼ 1 ਖੇਤਰ ਦੇ ਸੈਕਟਰ 8 'ਚ ਐਤਵਾਰ ਸਵੇਰੇ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਇਕ ਝੁੱਗੀ 'ਚ ਅਚਾਨਕ ਅੱਗ ਲੱਗ ਗਈ। ਲੋਕਾਂ ਨੇ ਅੱਗ ਲੱਗਣ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ, ਜਿਸ ਤੋਂ ਬਾਅਦ ਦੋ ਗੱਡੀਆਂ ਮੌਕੇ 'ਤੇ ਪਹੁੰਚੀਆਂ ਅਤੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ। ਇਸ ਵਿੱਚ 6 ਦੇ ਕਰੀਬ ਲੋਕ ਗੰਭੀਰ ਜ਼ਖ਼ਮੀ ਹੋ ਗਏ ਹਨ, ਜਿਸ 'ਚੋਂ ਦੋ ਮਾਸੂਮਾਂ ਦੀ ਮੌਤ ਹੋ ਗਈ ਹੈ, ਜਦਕਿ ਡਾਕਟਰਾਂ ਨੇ ਜ਼ਖਮੀਆਂ ਨੂੰ ਬਿਹਤਰ ਇਲਾਜ ਲਈ ਦਿੱਲੀ ਰੈਫਰ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਅੱਗ ਸਲੰਡਰ ਫਟਣ ਕਾਰਨ ਲੱਗੀ। ਇਸ ਦੇ ਨਾਲ ਹੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਦਰਅਸਲ ਪੁਲਸ ਨੂੰ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਸੀ ਕਿ ਸੈਕਟਰ-8 ਸਥਿਤ ਪਾਵਰ ਹਾਊਸ ਨੇੜੇ ਜੇਜੇ ਕਾਲੋਨੀ 'ਚ ਗੈਸ ਸਲੰਡਰ ਫਟਣ ਕਾਰਨ ਅੱਗ ਲੱਗ ਗਈ। ਇਸ ’ਤੇ ਥਾਣਾ ਇੰਚਾਰਜ ਨੇ ਪੁਲੀਸ ਫੋਰਸ ਅਤੇ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਸਮੇਤ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ। ਘਟਨਾ 'ਚ ਜ਼ਖਮੀ ਹੋਏ ਲੋਕਾਂ ਦੀ ਪਛਾਣ ਰਿਜ਼ਵਾਨ ਉਮਰ 37 ਸਾਲ, ਸ਼ਬਾਨਾ ਉਮਰ 32 ਸਾਲ, ਅਹਾਦ ਉਮਰ 6 ਸਾਲ, ਰੇਹਾਨ ਉਮਰ 12 ਸਾਲ, ਅਰੀਵਾ ਉਮਰ 12 ਦਿਨ ਅਤੇ ਨਿਸ਼ਾ ਉਮਰ 20 ਸਾਲ ਵਜੋਂ ਹੋਈ ਹੈ।
ਜ਼ਖਮੀਆਂ ਨੂੰ ਦਿੱਲੀ ਕੀਤਾ ਰੈਫਰ :ਸਾਰੇ ਜ਼ਖ਼ਮੀਆਂ ਨੂੰ ਜ਼ਿਲ੍ਹਾ ਹਸਪਤਾਲ ਨਿਠਾਰੀ ਲਿਜਾਇਆ ਗਿਆ ਹੈ, ਜਿੱਥੇ ਡਾਕਟਰਾਂ ਨੇ ਰੇਹਾਨ ਅਤੇ ਅਰੀਵਾ ਨੂੰ ਮ੍ਰਿਤਕ ਐਲਾਨ ਦਿੱਤਾ ਹੈ। ਦੂਜੇ ਜ਼ਖਮੀਆਂ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਦਿੱਲੀ ਦੇ ਸਫਦਰਜੰਗ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ। ਫਿਲਹਾਲ ਉੱਚ ਅਧਿਕਾਰੀਆਂ ਸਮੇਤ ਪੁਲਸ ਫੋਰਸ ਮੌਕੇ 'ਤੇ ਮੌਜੂਦ ਹੈ। ਦੂਜੇ ਪਾਸੇ ਰਿਸ਼ਤੇਦਾਰ ਫੈਜ਼ਾਨ ਵੱਲੋਂ ਦਿੱਤੀ ਤਹਿਰੀਕ ਦੇ ਆਧਾਰ ’ਤੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ :Pathankot News: ਅਧਿਆਪਕਾਂ ਨੇ ਕੀਤੀ ਬੱਚਿਆਂ ਦੀ ਕੁੱਟਮਾਰ, ਸਕੂਲ ਵਿੱਚ ਪਹੁੰਚ ਕੇ ਭੜਕ ਗਏ ਮਾਪੇ
ਸੂਚਨਾ ਮਿਲਦਿਆਂ ਹੀ ਪਹੁੰਚੀ ਫਾਇਰ ਬ੍ਰਿਗੇਡ :ਇਸ ਸਬੰਧੀ ਚੀਫ਼ ਫਾਇਰ ਅਫ਼ਸਰ ਪ੍ਰਦੀਪ ਕੁਮਾਰ ਚੌਬੇ ਨੇ ਦੱਸਿਆ ਕਿ ਥਾਣਾ ਫੇਜ਼ 1 ਦੇ ਸੈਕਟਰ 8 ਦੇ ਡੀ-221 ਵਿੱਚ ਇੱਕ ਪੱਕੀ ਝੁੱਗੀ ਝੌਂਪੜੀ ਵਿੱਚ ਅੱਗ ਲੱਗਣ ਦੀ ਸੂਚਨਾ ਮਿਲੀ ਸੀ। ਇਸ 'ਤੇ ਕਾਰਵਾਈ ਕਰਦੇ ਹੋਏ ਫਾਇਰ ਬ੍ਰਿਗੇਡ ਦੀਆਂ 2 ਗੱਡੀਆਂ ਮੌਕੇ 'ਤੇ ਪਹੁੰਚ ਗਈਆਂ। ਉਨ੍ਹਾਂ ਦੱਸਿਆ ਕਿ ਜਦੋਂ ਉਥੇ ਦੇਖਿਆ ਤਾਂ ਪਰਿਵਾਰ ਦੇ 6 ਲੋਕ ਝੁਲਸ ਗਏ ਸਨ, ਜਿਨ੍ਹਾਂ ਨੂੰ ਜ਼ਿਲ੍ਹਾ ਹਸਪਤਾਲ ਨਿਠਾਰੀ ਭੇਜਿਆ ਗਿਆ ਹੈ। ਇਨ੍ਹਾਂ 'ਚੋਂ 2 ਮਾਸੂਮਾਂ ਦੀ ਮੌਤ ਹੋ ਗਈ, ਜਦਕਿ ਬਾਕੀ 4 ਜ਼ਖਮੀਆਂ ਨੂੰ ਸਫਦਰਗੰਜ ਹਸਪਤਾਲ 'ਚ ਰੈਫਰ ਕਰ ਦਿੱਤਾ ਗਿਆ ਹੈ। ਅੱਗ ਪੂਰੀ ਤਰ੍ਹਾਂ ਬੁਝ ਚੁੱਕੀ ਹੈ। ਪਹਿਲੀ ਨਜ਼ਰੇ ਅੱਗ ਲੱਗਣ ਦਾ ਕਾਰਨ ਗੈਸ ਸਿਲੰਡਰ ਦਾ ਲੀਕ ਹੋਣਾ ਜਾਪਦਾ ਹੈ। ਮਾਮਲੇ ਸਬੰਧੀ ਥਾਣਾ ਫੇਜ਼ 1 ਦੀ ਪੁਲਿਸ ਵੱਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।