ਮੁੰਬਈ: ਭਾਰਤੀ ਕ੍ਰਿਕਟ ਟੀਮ ਦੇ ਆਲਰਾਊਂਡਰ ਹਾਰਦਿਕ ਪੰਡਯਾ (Hardik Pandya) ਮੁਸ਼ਕਿਲ 'ਚ ਘਿਰਦੇ ਵਿਖਾਈ ਦੇ ਰਹੇ ਹਨ। ਕਰ ਵਿਭਾਗ ਨੇ ਹਾਰਦਿਕ ਕੋਲੋਂ 5 ਕਰੋੜ ਰੁਪਏ ਦੀਆਂ 2 ਘੜੀਆਂ ਜ਼ਬਤ ਕੀਤੀਆਂ ਹਨ। ਕਸਟਮ ਵਿਭਾਗ ਮੁਤਾਬਕ ਹਾਰਦਿਕ ਕੋਲ ਇਨ੍ਹਾਂ ਘੜੀਆਂ ਦਾ ਕੋਈ ਬਿੱਲ ਨਹੀਂ ਸੀ ਅਤੇ ਨਾ ਹੀ ਉਸ ਨੇ ਆਪਣੇ ਸਾਮਾਨ 'ਚ ਇਸ ਬਾਰੇ ਕੋਈ ਘੋਸ਼ਣਾ ਕੀਤੀ ਸੀ।
ਜਾਣਕਾਰੀ ਮੁਤਾਬਕ ਭਾਰਤੀ ਆਲਰਾਊਂਡਰ ਹਾਰਦਿਕ ਪੰਡਯਾ (Hardik Pandya) ਮੁੰਬਈ ਏਅਰਪੋਰਟ 'ਤੇ ਪਹੁੰਚੇ। ਏਅਰਪੋਰਟ 'ਤੇ ਕਸਟਮ ਵਿਭਾਗ ਵੱਲੋਂ ਹਾਰਦਿਕ ਪੰਡਯਾ ਦੀ ਜਾਂਚ ਕੀਤੀ ਗਈ, ਜਿਸ ਦੌਰਾਨ ਉਨ੍ਹਾਂ ਕੋਲੋਂ 5 ਕਰੋੜ ਰੁਪਏ ਦੀਆਂ ਦੋ ਘੜੀਆਂ ਮਿਲੀਆਂ ਹਨ। ਜਦੋਂ ਹਾਰਦਿਕ ਪੰਡਯਾ ਨੂੰ ਇਨ੍ਹਾਂ ਘੜੀਆਂ ਬਾਰੇ ਪੁੱਛਿਆ ਗਿਆ ਤਾਂ ਉਹ ਕੋਈ ਤਸੱਲੀਬਖਸ਼ ਜਵਾਬ ਨਹੀਂ ਦੇ ਸਕੇ।
ਹਾਰਦਿਕ ਪੰਡਯਾ (Hardik Pandya) ਕੋਲ ਇਨ੍ਹਾਂ ਘੜੀਆਂ ਨਾਲ ਸਬੰਧਤ ਕੋਈ ਬਿੱਲ ਵੀ ਨਹੀਂ ਸੀ। ਇਸ ਤੋਂ ਬਾਅਦ ਕਸਟਮ ਵਿਭਾਗ ਨੇ ਹਾਰਦਿਕ ਤੋਂ ਘੜੀਆਂ ਲੈ ਲਈਆਂ। ਉਨ੍ਹਾਂ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਹੈ। ਇਸ ਮਾਮਲੇ ਦੀ ਵਿਭਾਗੀ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਹੈ।
ਇਸ ਤੋਂ ਪਹਿਲਾਂ ਨਵੰਬਰ 2020 ਵਿੱਚ ਹਾਰਦਿਕ ਦੇ ਵੱਡੇ ਭਰਾ ਕਰੁਣਾਲ ਪੰਡਯਾ ਤੋਂ ਵੀ ਲਗਜ਼ਰੀ ਘੜੀਆਂ ਮਿਲੀਆਂ ਸਨ। ਫਿਰ ਉਸ ਨੂੰ ਰੈਵੇਨਿਊ ਇੰਟੈਲੀਜੈਂਸ ਡਾਇਰੈਕਟੋਰੇਟ ਦੇ ਅਧਿਕਾਰੀਆਂ ਨੇ ਰੋਕ ਲਿਆ ਸੀ ਜਿਸ ਤੋਂ ਬਾਅਦ ਮਾਮਲਾ ਕਰ ਵਿਭਾਗ ਨੂੰ ਸੌਂਪ ਦਿੱਤਾ ਗਿਆ।
ਟੀ-20 ਵਿਸ਼ਵ ਕੱਪ 'ਚ ਹਾਰਦਿਕ ਪੰਡਯਾ (Hardik Pandya) ਨੇ ਆਪਣੀ ਖਰਾਬ ਫਿਟਨੈੱਸ ਅਤੇ ਪ੍ਰਦਰਸ਼ਨ ਦੋਵਾਂ ਤੋਂ ਨਿਰਾਸ਼ ਕੀਤਾ। ਪੰਡਯਾ ਨੇ 5 ਮੈਚਾਂ ਦੀਆਂ ਤਿੰਨ ਪਾਰੀਆਂ 'ਚ 34.50 ਦੀ ਔਸਤ ਨਾਲ ਸਿਰਫ 69 ਦੌੜਾਂ ਬਣਾਈਆਂ ਸਨ। ਪੂਰੇ ਟੂਰਨਾਮੈਂਟ ਵਿੱਚ ਉਨ੍ਹਾਂ ਨੇ ਸਿਰਫ਼ ਚਾਰ ਓਵਰ ਗੇਂਦਬਾਜ਼ੀ ਕੀਤੀ ਅਤੇ ਇੱਕ ਵੀ ਵਿਕਟ ਨਹੀਂ ਲੈ ਸਕੇ। ਸ਼ੁਰੂਆਤੀ ਮੈਚਾਂ 'ਚ ਉਨ੍ਹਾਂ ਦੀ ਫਿਟਨੈੱਸ 'ਤੇ ਵੀ ਕਾਫੀ ਸਵਾਲੀਆ ਨਿਸ਼ਾਨ ਖੜ੍ਹੇ ਹੋਏ ਸਨ। ਖਰਾਬ ਫਾਰਮ ਅਤੇ ਫਿਟਨੈੱਸ ਕਾਰਨ ਨਿਊਜ਼ੀਲੈਂਡ ਖਿਲਾਫ਼ ਘਰੇਲੂ ਸੀਰੀਜ਼ 'ਚ ਵੀ ਉਨ੍ਹਾਂ ਨੂੰ ਨਹੀਂ ਚੁਣਿਆ ਗਿਆ ਸੀ।
ਇਹ ਵੀ ਪੜ੍ਹੋ:Delhi air pollution: ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਅੱਜ ਕੇਂਦਰ ਦੀ ਹੰਗਾਮੀ ਮੀਟਿੰਗ