ਨਵੀਂ ਦਿੱਲੀ: ਦਿੱਲੀ ਤੋਂ ਲੰਡਨ ਜਾ ਰਹੀ ਏਅਰ ਇੰਡੀਆ ਦੀ ਫਲਾਈਟ ਵਿੱਚ ਚਾਲਕ ਦਲ ਦੇ ਮੈਂਬਰਾਂ ਨਾਲ ਦੁਰਵਿਵਹਾਰ ਕਰਨ ਵਾਲੇ ਇੱਕ ਹਵਾਈ ਯਾਤਰੀ ਦੇ ਦੇਸ਼ ਵਿੱਚ ਦੋ ਸਾਲ ਲਈ ਉਡਾਣ ਭਰਨ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਹ ਪਾਬੰਦੀ ਏਅਰ ਇੰਡੀਆ ਨੇ ਜਸਕੀਰਤ ਸਿੰਘ ਨਾਂ ਦੇ 25 ਸਾਲਾ ਯਾਤਰੀ 'ਤੇ ਲਗਾਈ ਹੈ। ਜ਼ਿਕਰਯੋਗ ਹੈ ਕਿ ਦਿੱਲੀ ਤੋਂ ਲੰਡਨ ਜਾ ਰਹੀ ਫਲਾਈਟ 'ਚ ਇੱਕ ਹਵਾਈ ਯਾਤਰੀ ਨੇ ਚਾਲਕ ਦਲ ਦੇ ਮੈਂਬਰ ਨਾਲ ਝਗੜਾ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਚਾਲਕ ਦਲ ਦੇ ਹੋਰ ਮੈਂਬਰ ਉਸ ਨੂੰ ਰੋਕਣ ਆਏ ਤਾਂ ਉਹ ਵੀ ਉਨ੍ਹਾਂ ਨਾਲ ਉਲਝ ਗਿਆ। ਇਸ ਦੌਰਾਨ ਉਹਨਾਂ ਦੀ ਕੁੱਟਮਾਰ ਵੀ ਕੀਤੀ। ਇਸ 'ਚ ਚਾਲਕ ਦਲ ਦੇ ਦੋ ਮੈਂਬਰ ਵੀ ਜ਼ਖਮੀ ਹੋ ਗਏ। ਇਸ ਕਾਰਨ ਫਲਾਈਟ ਨੂੰ ਵਾਪਸ ਦਿੱਲੀ ਲਿਆਉਣਾ ਪਿਆ ਅਤੇ ਮੁਲਜ਼ਮ ਨੂੰ ਦਿੱਲੀ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਦੱਸ ਦਈਏ ਕਿ ਇਹ ਮਾਮਲਾ ਇਸ ਸਾਲ 10 ਅਪ੍ਰੈਲ ਦਾ ਹੈ।
ਇਹ ਤਰ੍ਹਾਂ ਵਾਪਰੀ ਸੀ ਘਟਨਾ:ਏਅਰ ਇੰਡੀਆ ਮੈਨੇਜਮੈਂਟ ਨੇ ਰੈਗੂਲੇਟਰੀ ਬਾਡੀ ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ (ਡੀਜੀਸੀਏ) ਨੂੰ ਇਸ ਮਾਮਲੇ ਵਿੱਚ ਦੋਸ਼ੀ ਯਾਤਰੀ ਨੂੰ ਨੋ ਫਲਾਇੰਗ ਸੂਚੀ ਵਿੱਚ ਪਾਉਣ ਦੀ ਬੇਨਤੀ ਕੀਤੀ ਸੀ। ਏਅਰ ਇੰਡੀਆ ਦੀ ਫਲਾਈਟ ਨੰਬਰ AI-111 ਨੇ 10 ਅਪ੍ਰੈਲ ਨੂੰ ਸਵੇਰੇ 6.35 ਵਜੇ ਦਿੱਲੀ ਤੋਂ ਲੰਡਨ ਦੇ ਹੀਥਰੋ ਹਵਾਈ ਅੱਡੇ ਲਈ ਉਡਾਣ ਭਰੀ ਸੀ। ਦੋਸ਼ੀ ਯਾਤਰੀ ਆਪਣੇ ਪਰਿਵਾਰਕ ਮੈਂਬਰਾਂ ਨਾਲ ਲੰਡਨ ਜਾ ਰਿਹਾ ਸੀ। ਟੇਕ ਆਫ ਦੇ ਕੁਝ ਦੇਰ ਬਾਅਦ ਹੀ ਯਾਤਰੀ ਨੇ ਦੁਰਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ। ਜਹਾਜ਼ ਵਿੱਚ ਤਾਇਨਾਤ ਚਾਲਕ ਦਲ ਦੇ ਮੈਂਬਰਾਂ ਨੇ ਉਸ ਨੂੰ ਸ਼ਾਂਤ ਰਹਿਣ ਅਤੇ ਸਟਾਫ ਨਾਲ ਦੁਰਵਿਵਹਾਰ ਨਾ ਕਰਨ ਦੀ ਚਿਤਾਵਨੀ ਦਿੱਤੀ। ਇਸ ਚਿਤਾਵਨੀ ਤੋਂ ਬਾਅਦ ਵੀ ਉਹ ਸ਼ਾਂਤ ਨਹੀਂ ਹੋਇਆ ਅਤੇ ਹੰਗਾਮਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਦੋ ਮੁਲਾਜ਼ਮ ਜ਼ਖ਼ਮੀ ਹੋ ਗਏ।