ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਰਕਾਬਗੰਜ਼ ਸਾਹਿਬ 'ਚ 400 ਬੈਡਾਂ ਵਾਲਾ ਗੁਰੂ ਤੇਗ ਬਹਾਦਰ ਕੋਵਿਡ ਕੇਅਰ ਸੈਂਟਰ ਬਣਾਇਆ ਗਿਆ ਹੈ।ਇਹ ਕੋਵਿਡ ਕੇਅਰ ਸੈਂਟਰ ਸੋਮਵਾਰ ਤੋਂ ਸ਼ੁਰੂ ਹੋਵੇਗਾ। ਪਹਿਲੇ ਪੜਾਅ 'ਚ 400 ਆਕਸੀਜਨ ਬੈਡਾਂ ਨਾਲ ਇਹ ਕੋਵਿਡ ਸੈਂਟਰ ਸ਼ੁਰੂ ਕੀਤਾ ਜਾ ਰਿਹਾ ਹੈ, ਇਸ ਦੇ ਅੰਦਰ ਹਰ ਤਰ੍ਹਾਂ ਦੀਆਂ ਸਹੂਲਤਾਂ ਹੋਣਗੀਆਂ। ਆਕਸੀਜਨ ਬੈਡ ਤੋਂ ਲੈ ਕੇ ਹਰ ਕਿਸਮ ਦੀਆਂ ਦਵਾਈਆਂ ਇਥੇ ਉਪਲਬਧ ਹੋਣਗੀਆਂ।
ਸ੍ਰੀ ਰਕਾਬਗੰਜ਼ ਸਾਹਿਬ 'ਚ ਸ਼ੁਰੂ ਹੋਵੇਗਾ 400 ਬੈਡਾਂ ਦਾ ਕੋਵਿਡ ਕੇਅਰ ਸੈਂਟਰ ਕੋਰੋਨਾ ਦੇ ਇਲਾਜ਼ ਲਈ ਇਥੇ ਮਾਹਰ ਡਾਕਟਰ ਵੀ ਤਾਇਨਾਤ ਕੀਤੇ ਗਏ ਹਨ। ਹਰੇਕ ਬੈਡ ਦੇ ਨੇੜੇ ਇੱਕ ਆਕਸੀਜਨ ਕਨਸੰਨਟ੍ਰੇਟਰ ਦਾ ਪ੍ਰਬੰਧ ਕੀਤਾ ਗਿਆ ਹੈ। ਇਥੇ ਸਾਰੇ ਪ੍ਰਬੰਧ ਦਿੱਲੀ ਸਰਕਾਰ ਦੇ ਸਹਿਯੋਗ ਨਾਲ ਕੀਤੇ ਜਾ ਰਹੇ ਹਨ।
ਦਿੱਲੀ ਸਰਕਾਰ ਦੀ ਮਦਦ ਨਾਲ ਕੀਤੇ ਗਏ ਖ਼ਾਸ ਪ੍ਰਬੰਧ
ਡੀਐਸਜੀਐਮਸੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਇਥੇ ਸਾਰੇ ਪ੍ਰਬੰਧ ਦਿੱਲੀ ਸਰਕਾਰ ਦੇ ਸਹਿਯੋਗ ਨਾਲ ਕੀਤੇ ਜਾ ਰਹੇ ਹਨ। ਇਸ ਕੋਵਿਡ ਕੇਅਰ ਸੈਂਟਰ ਨੂੰ ਲੋਕ ਨਾਇਕ ਜੈਪ੍ਰਕਾਸ਼ ਹਸਪਤਾਲ ਨਾਲ ਜੋੜਿਆ ਗਿਆ ਹੈ। ਜੇਕਰ ਕਿਸੇ ਮਰੀਜ਼ ਦੀ ਸਿਹਤ ਜਿਆਦਾ ਵਿਗੜ ਜਾਂਦੀ ਹੈ, ਤਾਂ ਉਸ ਨੂੰ ਲੋਕ ਨਾਇਕ ਜੈਪ੍ਰਕਾਸ਼ ਹਸਪਤਾਲ 'ਚ ਸ਼ਿਫਟ ਕਰ ਦਿੱਤਾ ਜਾਵੇਗਾ। ਇਥੇ ਡਾਕਟਰਾਂ ਤੋਂ ਲੈ ਕੇ ਨਰਸ ਤੱਕ, ਦਿੱਲੀ ਸਰਕਾਰ ਵੱਲੋਂ ਤਾਇਨਾਤ ਕੀਤੇ ਗਏ ਹਨ। ਦਿੱਲੀ ਸਰਕਾਰ ਨੇ ਸਥਾਨਕ ਡੀਐਮ ਨੂੰ ਇਸ ਕੋਵਿਡ ਕੇਅਰ ਸੈਂਟਰ ਦਾ ਨੋਡਲ ਅਧਿਕਾਰੀ ਐਲਾਨਿਆ ਹੈ।
ਇਹ ਕੋਵਿਡ ਕੇਅਰ ਸੈਂਟਰ 10 ਦਿਨਾਂ ਦੇ ਅੰਦਰ ਤਿਆਰ ਕੀਤਾ ਗਿਆ ਹੈ। ਇਹ ਕੋਵਿਡ ਕੇਅਰ ਸੈਂਟਰ ਸੋਮਵਾਰ ਤੋਂ ਪੂਰੀ ਤਰ੍ਹਾਂ ਸ਼ੁਰੂ ਹੋ ਜਾਵੇਗਾ। ਇਹ ਕੋਵਿਡ ਕੇਅਰ ਸੈਂਟਰ ਮਰੀਜ਼ਾਂ ਲਈ ਬਿਲਕੁਲ ਮੁਫ਼ਤ ਹੈ। ਇਸ ਤੋਂ ਇਲਾਵਾ ਮਰੀਜ਼ ਨੂੰ ਲਿਆਉਣ ਤੇ ਲਿਜਾਣ ਲਈ ਮੁਫਤ ਐਂਬੂਲੈਂਸ ਸੇਵਾ ਵੀ ਸ਼ੁਰੂ ਕੀਤੀ ਜਾਏਗੀ। ਗੁਰੂਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਡਾਕਟਰਾਂ ਤੇ ਨਰਸਾਂ ਦੇ ਠਹਿਰਨ ਤੋਂ ਲੈ ਕੇ ਖਾਣ ਪੀਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਅਤੇ ਇਸ ਲਈ ਕਈ ਅਧਿਕਾਰੀ ਤਾਇਨਾਤ ਕੀਤੇ ਗਏ ਹਨ।
ਗੁਰੂਦੁਆਰਾ ਬਾਲਾ ਸਾਹਿਬ ਵਿਖੇ ਵੀ ਤਿਆਰ ਕੀਤਾ ਜਾਵੇਗਾ ਕੋਵਿਡ ਕੇਅਰ ਸੈਂਟਰ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਕੋਵਿਡ ਕੇਅਰ ਸੈਂਟਰ ਦੀ ਉਸਾਰੀ ਤੋਂ ਬਾਅਦ, ਗੁਰਦੁਆਰਾ ਬਾਲਾ ਸਾਹਿਬ ਵਿਖੇ ਸਥਿਤ ਹਸਪਤਾਲ ਵਿੱਚ ਵੀ ਕੋਵਿਡ ਕੇਅਰ ਸੈਂਟਰ ਦੀ ਉਸਾਰੀ ਦਾ ਕੰਮ ਜੰਗੀ ਪੱਧਰ ’ਤੇ ਚੱਲ ਰਿਹਾ ਹੈ। ਦੂਜੇ ਪੜਾਅ ਤਹਿਤ ਉਥੇ ਵੀ ਕੋਵਿਡ ਕੇਅਰ ਸੈਂਟਰ ਸ਼ੁਰੂ ਕੀਤਾ ਜਾਵੇਗਾ।
ਅਮਿਤਾਭ ਬੱਚਨ ਨੇ ਕੀਤੀ ਮਦਦ
ਮਨਜਿੰਦਰ ਸਿੰਘ ਸਿਰਸਾ ਨੇ ਭਾਰਤ ਦੇ ਮਸ਼ਹੂਰ ਬਾਲੀਵੁੱਡ ਅਦਾਕਾਰ ਅਮਿਤਾਭ ਬੱਚਨ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਅਮਿਤਾਭ ਬੱਚਨ ਨੇ ਇਸ ਕੋਵਿਡ ਕੇਅਰ ਸੈਂਟਰ ਦੀ ਉਸਾਰੀ ਲਈ ਦੋ ਕਰੋੜ ਰੁਪਏ ਦਿੱਤੇ ਹਨ। ਇਸ ਦੇ ਨਾਲ ਹੀ, ਅਮਿਤਾਭ ਬੱਚਨ ਵੱਲੋਂ ਇਸ ਕੋਵਿਡ ਕੇਅਰ ਸੈਂਟਰ ਵਿੱਚ ਆਕਸੀਜਨ ਕੰਨਸਨਟ੍ਰੇਟਰ ਵੀ ਭੇਜੇ ਗਏ ਹਨ। ਇਸ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਮਿਤਾਭ ਬੱਚਨ ਨੂੰ ਧੰਨਵਾਦ ਕਰਦੀ ਹੈ।