ਲੰਡਨ: ਬ੍ਰਿਟੇਨ (United Kingdom) ਵਿੱਚ ਇੱਕ ਪਾਲਤੂ ਕੁੱਤੇ ਵਿੱਚ ਕੋਵਿਡ-19 ਦਾ ਪਤਾ ਲੱਗਿਆ ਹੈ। ਬ੍ਰਿਟੇਨ ਦੇ ਮੁੱਖ ਵੈਟਰਨਰੀ ਅਫਸਰ ਨੇ ਬੁੱਧਵਾਰ ਨੂੰ ਇੱਕ ਬਿਆਨ 'ਚ ਇਸ ਦੀ ਪੁਸ਼ਟੀ ਕੀਤੀ।
ਬ੍ਰਿਟੇਨ ਦੇ ਮੁੱਖ ਵੈਟਰਨਰੀ ਅਫਸਰ ਦੇ ਅਨੁਸਾਰ, ਕੁੱਤੇ ਦੇ ਸੰਕਰਮਣ ਦੀ ਪੁਸ਼ਟੀ 3 ਨਵੰਬਰ ਨੂੰ ਵੇਬ੍ਰਿਜ (Weybridge) ਸ਼ਹਿਰ ਵਿੱਚ ਐਨੀਮਲ ਐਂਡ ਪਲਾਂਟ ਹੈਲਥ ਏਜੰਸੀ (APHA) ਦੀ ਪ੍ਰਯੋਗਸ਼ਾਲਾ ਵਿੱਚ ਟੈਸਟਾਂ ਤੋਂ ਬਾਅਦ ਹੋਈ ਸੀ। ਕੁੱਤਾ ਹੁਣ ਲਾਗ ਤੋਂ ਠੀਕ ਹੋ ਰਿਹਾ ਹੈ।
ਬਿਆਨ ਮੁਤਾਬਿਕ, ਉਪਲਬਧ ਸਬੂਤਾਂ ਤੋਂ ਪਤਾ ਚੱਲਦਾ ਹੈ ਕਿ ਕੁੱਤਾ ਆਪਣੇ ਮਾਲਕ ਰਾਹੀਂ ਕੋਰੋਨਾ ਵਾਇਰਸ ਦੇ ਸੰਪਰਕ ਵਿੱਚ ਆਇਆ ਸੀ, ਜਿਸ ਨੂੰ ਪਹਿਲਾਂ ਵੀ ਕੋਰੋਨਾ ਦੀ ਲਾਗ ਸੀ। ਹਾਲਾਂਕਿ, ਇਹ ਸਪੱਸ਼ਟ ਨਹੀਂ ਹੈ ਕਿ ਕੀ ਪਾਲਤੂ ਜਾਨਵਰ ਲੋਕਾਂ ਵਿੱਚ ਵਾਇਰਸ ਸੰਚਾਰਿਤ ਕਰਨ ਦੇ ਸਮਰੱਥ ਹਨ।
ਮੁੱਖ ਵੈਟਰਨਰੀ ਅਫ਼ਸਰ ਨੇ ਕਿਹਾ ਕਿ ਕੁੱਤਿਆਂ ਦਾ ਸੰਕਰਮਿਤ ਹੋਣਾ ਬਹੁਤ ਘੱਟ ਹੁੰਦਾ ਹੈ ਅਤੇ ਆਮ ਤੌਰ 'ਤੇ ਸਿਰਫ ਹਲਕੇ ਲੱਛਣ ਦਿਖਾਈ ਦਿੰਦੇ ਹਨ ਅਤੇ ਕੁਝ ਦਿਨਾਂ ਵਿੱਚ ਠੀਕ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇਸ ਗੱਲ ਦਾ ਕੋਈ ਸਪੱਸ਼ਟ ਸਬੂਤ ਨਹੀਂ ਹੈ ਕਿ ਪਾਲਤੂ ਜਾਨਵਰ ਸਿੱਧੇ ਤੌਰ 'ਤੇ ਮਨੁੱਖਾਂ ਨੂੰ ਵਾਇਰਸ ਸੰਚਾਰਿਤ ਕਰਦੇ ਹਨ।
ਉਨ੍ਹਾਂ ਨੇ ਕਿਹਾ, ਅਸੀਂ ਇਸ ਸਥਿਤੀ ਦੀ ਨੇੜਿਓਂ ਨਿਗਰਾਨੀ ਕਰਨਾ ਜਾਰੀ ਰੱਖਾਂਗੇ ਅਤੇ ਜੇਕਰ ਸਥਿਤੀ ਬਦਲਦੀ ਹੈ ਤਾਂ ਅਸੀਂ ਪਾਲਤੂ ਜਾਨਵਰਾਂ ਦੇ ਮਾਲਕਾਂ ਨੂੰ ਸਾਡੇ ਮਾਰਗਦਰਸ਼ਨ ਨਾਲ ਅਪਡੇਟ ਕਰਾਂਗੇ।