ਨਵੀਂ ਦਿੱਲੀ: ਲਾਂਸੇਟ ਇਨਫੈਕਸ਼ਨੀਅਸ ਡਿਜ਼ੀਜ਼ ਜਰਨਲ (Lancet Infectious Diseases journal) ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਭਾਰਤ ਬਾਇਓਟੈਕ ਦੇ ਐਂਟੀ-ਕੋਵਿਡ ਵੈਕਸੀਨ, ਕੋਵੈਕਸੀਨ (Covaxin) ਦੀਆਂ ਦੋਵੇਂ ਖੁਰਾਕਾਂ ਲੱਛਣਾਂ ਵਾਲੇ ਕੋਰੋਨ ਦੇ ਮਰੀਜ਼ਾਂ (symptomatic COVID-19) ਵਿੱਚ 50 ਪ੍ਰਤੀਸ਼ਤ ਪ੍ਰਭਾਵਸ਼ਾਲੀ ਹਨ। ਇਹ ਅਧਿਐਨ 15 ਅਪ੍ਰੈਲ ਤੋਂ 15 ਮਈ ਤੱਕ ਦਿੱਲੀ ਏਮਜ਼ (Delhi AIIMS) ਵਿੱਚ 2,714 ਮਰੀਜ਼ਾਂ 'ਤੇ ਕੀਤਾ ਗਿਆ ਸੀ, ਜਿਨ੍ਹਾਂ ਵਿਚ ਕੋਰੋਨਾ (Corona) ਦੇ ਲੱਛਣ ਸਨ ਅਤੇ ਉਨ੍ਹਾਂ ਦਾ ਆਰਟੀ-ਪੀਸੀਆਰ ਟੈਸਟ ਵੀ ਕੀਤਾ ਗਿਆ ਸੀ। ਇਸ ਸਮੇਂ ਭਾਰਤ ਵਿੱਚ ਡੈਲਟਾ ਵੇਰੀਐਂਟ ਤਬਾਹੀ ਮਚਾ ਰਿਹਾ ਸੀ ਅਤੇ ਇਹ ਵੇਰੀਐਂਟ 80 ਫੀਸਦੀ ਮਾਮਲਿਆਂ ਵਿੱਚ ਪਾਇਆ ਗਿਆ ਸੀ।
ਭਾਰਤ ਬਾਇਓਟੈੱਕ, ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ਅਤੇ ਨੈਸ਼ਨਲ ਇੰਸਟੀਚਿਊਟ ਆਫ਼ ਵਾਇਰੋਲੋਜੀ (National Institute of Virology) ਦੁਆਰਾ ਵਿਕਸਤ ਕੋਵੈਕਸੀਨ ਨੂੰ ਇਸ ਮਹੀਨੇ ਐਮਰਜੈਂਸੀ ਵਰਤੋਂ ਲਈ WHO ਦੁਆਰਾ ਮਨਜ਼ੂਰੀ ਦਿੱਤੀ ਗਈ ਹੈ। ਦੋਵੇਂ ਖੁਰਾਕਾਂ 28 ਦਿਨਾਂ ਦੇ ਅੰਤਰਾਲ 'ਤੇ ਦਿੱਤੀਆਂ ਜਾਂਦੀਆਂ ਹਨ।