ਭੋਪਾਲ: ਮੱਧ ਪ੍ਰਦੇਸ਼ ਦੀ ਇੱਕ ਜ਼ਿਲ੍ਹਾ ਅਦਾਲਤ ਨੇ ਜਯਾ ਬੱਚਨ ਨੂੰ ਜ਼ਮੀਨੀ ਸੌਦੇ ਦੇ ਮੁੱਦੇ 'ਤੇ ਨੋਟਿਸ ਜਾਰੀ ਕੀਤਾ ਹੈ। ਭੋਪਾਲ ਜ਼ਿਲ੍ਹਾ ਅਦਾਲਤ ਨੇ 7 ਅਪ੍ਰੈਲ ਨੂੰ ਨੋਟਿਸ ਜਾਰੀ ਕੀਤਾ ਸੀ ਅਤੇ ਉਸ ਨੂੰ 30 ਅਪ੍ਰੈਲ ਤੱਕ ਅਦਾਲਤ ਵਿੱਚ ਪੇਸ਼ ਹੋ ਕੇ ਆਪਣਾ ਜਵਾਬ ਦਾਖ਼ਲ ਕਰਨ ਲਈ ਕਿਹਾ ਗਿਆ ਹੈ। ਇਹ ਨੋਟਿਸ ਭਾਜਪਾ ਦੇ ਸਾਬਕਾ ਵਿਧਾਇਕ ਜਤਿੰਦਰ ਡਾਗਾ ਦੇ ਪੁੱਤਰ ਅਨੁਜ ਡਾਗਾ ਵੱਲੋਂ ਸਮਾਜਵਾਦੀ ਪਾਰਟੀ ਦੇ ਸਾਂਸਦ ਬੱਚਨ ਵਿਰੁੱਧ ਦਾਇਰ ਅਪਰਾਧਿਕ ਮਾਮਲੇ ਦੇ ਆਧਾਰ 'ਤੇ ਜਾਰੀ ਕੀਤਾ ਗਿਆ ਹੈ, ਜਿਸ 'ਚ ਉਨ੍ਹਾਂ 'ਤੇ ਭੁਗਤਾਨ ਦਾ ਹਿੱਸਾ ਲੈਣ ਦੇ ਬਾਵਜੂਦ ਜ਼ਮੀਨ ਵੇਚਣ ਦਾ ਸੌਦਾ ਰੱਦ ਕਰਨ ਦਾ ਦੋਸ਼ ਲਗਾਇਆ ਗਿਆ ਹੈ।
ਜਯਾ ਬੱਚਨ 'ਤੇ ਤੈਅ ਰਕਮ ਤੋਂ ਵੱਧ ਕੀਮਤ ਮੰਗਣ ਦਾ ਦੋਸ਼ : ਡਾਗਾ ਦੇ ਵਕੀਲ ਐਨੋਸ਼ ਜਾਰਜ ਕਾਰਲੋ ਨੇ ਸ਼ਨੀਵਾਰ ਨੂੰ ਏਜੰਸੀ ਨਾਲ ਗੱਲ ਕਰਦੇ ਹੋਏ ਕਿਹਾ ਕਿ ਸ਼ਿਕਾਇਤ 'ਚ ਜਯਾ ਬੱਚਨ 'ਤੇ ਤੈਅ ਰਕਮ ਤੋਂ ਜ਼ਿਆਦਾ ਦੀ ਮੰਗ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਕਾਰਲੋ ਮੁਤਾਬਕ ਡਾਗਾ ਨੇ ਜਯਾ ਬੱਚਨ ਨੂੰ ਇਕ ਕਰੋੜ ਰੁਪਏ ਐਡਵਾਂਸ ਦੇ ਕੇ ਜ਼ਮੀਨ ਖਰੀਦਣ ਦਾ ਸਮਝੌਤਾ ਕੀਤਾ ਸੀ। ਇਹ ਰਕਮ ਜਯਾ ਬੱਚਨ ਦੇ ਖਾਤੇ 'ਚ ਜਮ੍ਹਾ ਹੋ ਗਈ ਸੀ। ਹਾਲਾਂਕਿ, ਕੁਝ ਦਿਨਾਂ ਬਾਅਦ, ਅਨੁਜ ਡਾਗਾ ਦੇ ਖਾਤੇ ਵਿੱਚ ਪੈਸੇ ਵਾਪਸ ਆ ਗਏ। ਬਾਅਦ ਵਿੱਚ ਉਨ੍ਹਾਂ ਨੇ ਤੈਅ ਰਕਮ ਤੋਂ ਵੱਧ ਕੀਮਤ ਦੀ ਮੰਗ ਕੀਤੀ।