ਚੰਡੀਗੜ੍ਹ: ਪੰਜਾਬ ਦੇ ਕਿਸਾਨ ਪਿਛਲੇ ਇਕ ਸਾਲ ਤੋਂ ਸੜਕਾਂ ‘ਤੇ ਬੈਠ ਕੇ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੀ ਭਲਾਈ ਦੇ ਨਾਂ ‘ਤੇ ਬਣਾਏ ਗਏ ਤਿੰਨ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ। ਦੂਜੇ ਪਾਸੇ ਵੱਖ-ਵੱਖ ਰਾਜਸੀ ਦਲ ਇਸ ਨੂੰ ਲੈ ਕੇ ਆਪਣਾ ਰਾਜਸੀ ਫ਼ਾਇਦਾ ਚੁੱਕਣ ਦੀਆਂ ਕੋਸ਼ਿਸ਼ ਕਰ ਰਹੀਆਂ ਹਨ। ਅਜਿਹੀਆਂ ਹੀ ਰਾਜਨੀਤਿਕ ਪਾਰਟੀਆਂ ਦੇ ਨੇਤਾਵਾਂ ਵਿੱਚੋਂ ਇਕ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ। ਕੈਪਟਨ ਅਮਰਿੰਦਰ ਸਿੰਘ ਨੇ ਬਤੌਰ ਮੁੱਖ ਮੰਤਰੀ ਪੰਜਾਬ ਵਿਚ ਪਿਛਲੇ ਸਾਢੇ ਚਾਰ ਸਾਲ ਦੌਰਾਨ ਜੋ ਕੁਝ ਕੀਤਾ ਉਸ ਦਾ ਨਤੀਜਾ ਇਹ ਨਿਕਲਿਆ ਕਿ ਪੰਜਾਬ ਵਿੱਚ ਉਨ੍ਹਾਂ ਦੀ ਆਪਣੀ ਟੀਮ ਹੀ ਬਾਗ਼ੀ ਹੋ ਗਈ ਅਤੇ ਕੈਪਟਨ ਨੂੰ ਆਪਣੀ ਕੁਰਸੀ ਛੱਡਣੀ ਪਈ। ਇਸ ਤੋਂ ਬਾਅਦ ਹੁਣ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਉਹ ਛੇਤੀ ਹੀ ਆਪਣੀ ਨਵੀਂ ਪਾਰਟੀ ਦਾ ਐਲਾਨ ਕਰਨਗੇ ਅਤੇ ਭਾਜਪਾ ਨਾਲ ਗੱਲ ਕਰਕੇ ਕਿਸਾਨਾਂ ਦੇ ਮੁੱਦੇ ਨੂੰ ਹੱਲ ਕਰਨਗੇ।
ਆਖ਼ਰ ਕਿਸਾਨਾਂ ਨੂੰ ਲੈ ਕੇ ਕਿਵੇਂ ਕਰਨਗੇ ਕੈਪਟਨ ਆਪਣਾ ਬੇੜਾ ਪਾਰ ਸਹੀ ਨਹੀਂ ਕਰ ਰਹੇ ਹਨ ਕੈਪਟਨ : ਅਵਤਾਰ ਹੈਨਰੀਕੈਪਟਨ ਦੀ ਨਵੀਂ ਪਾਰਟੀ ਬਾਰੇ ਉਨ੍ਹਾਂ ਦੇ ਪੁਰਾਣੇ ਸਾਥੀ ਅਤੇ ਸਾਬਕਾ ਕੈਬਨਿਟ ਮੰਤਰੀ ਅਵਤਾਰ ਹੈਨਰੀ ਦਾ ਕਹਿਣਾ ਹੈ ਕਿ ਜਿਸ ਵੇਲੇ ਕੈਪਟਨ ਅਮਰਿੰਦਰ ਸਿੰਘ ਖੁਦ ਪੰਜਾਬ ਦੇ ਮੁੱਖ ਮੰਤਰੀ ਸੀ, ਉਸ ਵੇਲੇ ਉਨ੍ਹਾਂ ਵੱਲੋਂ ਕਿਸਾਨੀ ਮੁੱਦੇ ‘ਤੇ ਕੋਈ ਊਦਮ ਕਿਉਂ ਨਹੀਂ ਕੀਤਾ ਗਿਆ ਅਤੇ ਹੁਣ ਜਦੋਂ ਕੁਰਸੀ ਖੁਸ ਗਈ ਤਾਂ ਇਸ ਨੇਤਾ ਨੂੰ ਕਿਸਾਨੀ ਦੀ ਯਾਦ ਆ ਗਈ ਹੈ। ਹੈਨਰੀ ਦਾ ਕਹਿਣਾ ਹੈ ਕਿ ਕੀ ਅਮਿਤ ਸ਼ਾਹ ਨੇ ਪਹਿਲਾਂ ਕਦੇ ਕੈਪਟਨ ਅਮਰਿੰਦਰ ਸਿੰਘ ਨੂੰ ਸਮਾਂ ਨਹੀਂ ਦਿੱਤਾ ਅਤੇ ਹੁਣ ਜਦੋਂ ਕੁਰਸੀ ਤੋਂ ਉਤਰ ਗਏ ਹਨ ਅਮਿਤ ਸ਼ਾਹ ਨੇ ਉਨ੍ਹਾਂ ਨੂੰ ਸਮਾਂ ਦੇ ਦਿੱਤਾ ਹੈ। ਕੈਪਟਨ ਅਮਰਿੰਦਰ ਸਿੰਘ ਅੱਜ ਖ਼ੁਦ ਇਸ ਗੱਲ ਨੂੰ ਸਾਬਤ ਕਰ ਚੁੱਕੇ ਨੇ ਕਿ ਉਹ ਬੀਜੇਪੀ ਅਤੇ ਅਕਾਲੀ ਦਲ ਨਾਲ ਰਲੇ ਹੋਏ ਸੀ। ਕਿਸਾਨਾਂ ਦੇ ਮੁੱਦੇ ‘ਤੇ ਉਨ੍ਹਾਂ ਕਿਹਾ ਕਿ ਕੈਪਟਨ ਭਾਵੇਂ ਜਿੰਨੀਆਂ ਮਰਜ਼ੀ ਮੀਟਿੰਗਾਂ ਅਮਿਤ ਸ਼ਾਹ ਨਾਲ ਕਰ ਲੈਣ, ਇਸ ਮਸਲੇ ਦਾ ਹੱਲ ਉਦੋਂ ਹੀ ਹੋਣਾ ਜਦੋਂ ਉਹ ਕਿਸਾਨ ਕੇਂਦਰ ਸਰਕਾਰ ਤੋਂ ਸੰਤੁਸ਼ਟ ਹੋਣਗੇ, ਜਿਹੜੇ ਪਿਛਲੇ ਕਈ ਮਹੀਨਿਆਂ ਤੋਂ ਸੜਕਾਂ ‘ਤੇ ਬੈਠੇ ਹਨ ਅਤੇ ਉਨ੍ਹਾਂ ਦੇ ਕਈ ਸਾਥੀ ਆਪਣੀ ਜਾਨਾਂ ਤੱਕ ਗੁਆ ਚੁੱਕੇ ਹਨ। ਹੈਨਰੀ ਨੇ ਕਿਹਾ ਕਿ ਅੱਜ ਜੇ ਕੈਪਟਨ ਅਮਰਿੰਦਰ ਸਿੰਘ ਉਨ੍ਹਾਂ ਲੋਕਾਂ ਨਾਲ ਰਲ ਰਹੇ ਗਨ, ਜਿਨ੍ਹਾਂ ਦੇ ਬੱਚੇ ਕਿਸਾਨਾਂ ਉੱਪਰ ਆਪਣੀਆਂ ਗੱਡੀਆਂ ਚੜ੍ਹਾ ਰਹੇ ਹਨ, ਤਾਂ ਇਹ ਉਨ੍ਹਾਂ ਲਈ ਬਹੁਤ ਮਾੜੀ ਗੱਲ ਹੈ।
ਕੈਪਟਨ ਨੂੰ ਕਿਸਾਨਾਂ ਨੇ ਸੁਣਾਈਆਂ ਖਰੀਆਂ-ਖਰੀਆਂਕੈਪਟਨ ਦੀ ਨਵੀਂ ਪਾਰਟੀ ਅਤੇ ਕਿਸਾਨਾਂ ਨੂੰ ਨਾਲ ਲੈ ਕੇ ਚੱਲਣ ਦੀ ਗੱਲ ਅਤੇ ਉਨ੍ਹਾਂ ਦੇ ਮਸਲੇ ਨੂੰ ਹੱਲ ਕਰਾਉਣ ਦੇ ਦਾਅਵੇ ਬਾਰੇ ਕਿਸਾਨ ਆਗੂ ਮੁਕੇਸ਼ ਚੰਦ ਦਾ ਕਹਿਣਾ ਹੈ ਕਿ ਕੈਪਟਨ ਸਾਹਬ ਨੂੰ ਕਿਸਾਨੀ ਮੁੱਦਿਆਂ ਦੀ ਗੱਲ ਉਦੋਂ ਕਿਉਂ ਨਹੀਂ ਯਾਦ ਆਈ ਜਦੋਂ ਉਹ ਖੁਦ ਪੰਜਾਬ ਦੇ ਮੁੱਖ ਮੰਤਰੀ ਸੀ ਤੇ ਅੱਜ ਜਦੋਂ ਉਹ ਆਪਣੀ ਪਾਰਟੀ ਬਣਾਉਣ ਦੀ ਗੱਲ ਕਰ ਰਹੇ ਹਨ ਤਾਂ ਕਿਸਾਨਾਂ ਦੇ ਮੁੱਦਿਆਂ ਨੂੰ ਹੱਲ ਕਰਨ ਦੀ ਗੱਲ ਵੀ ਨਾਲ ਹੋ ਰਹੀ ਹੈ। ਅੱਜ ਕੈਪਟਨ ਸਾਹਿਬ ਜੋ ਗੱਲ ਕਰ ਰਹੇ ਹਨ ਉਸ ਦੇ ਪਿੱਛੇ ਉਨ੍ਹਾਂ ਦਾ ਮਕਸਦ ਸਿਰਫ਼ ਰਾਜਨੀਤਕ ਲਾਹਾ ਖੱਟਣਾ ਹੈ ਅਤੇ ਉਹ ਪੰਜਾਬ ਦੇ ਲੋਕਾਂ ਨੂੰ ਗੁਮਰਾਹ ਵੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਆਪਣਾ ਰਾਜਨੀਤਕ ਕੈਰੀਅਰ ਬਚਾਉਣਾ ਚਾਹੁੰਦੇ ਹਨ। ਕਿਸਾਨ ਆਗੂ ਮੁਤਾਬਕ ਅੱਜ ਪੂਰੀ ਦੁਨੀਆ ਜਾਣਦੀ ਹੈ ਕਿ ਇਹ ਅੰਦੋਲਨ ਸਿਰਫ਼ ਕਿਸਾਨਾਂ ਦਾ ਹੈ ਅਤੇ ਖ਼ੁਦ ਕਿਸਾਨ ਹੀ ਇਸ ਲਈ ਆਪਣਾ ਪੂਰਾ ਜ਼ੋਰ ਲਗਾਉਣਗੇ।
ਕਿਸਾਨ ਅੰਦੋਲਨ ਨੇ ਗੂੰਗਿਆਂ ਦੇ ਮੂੰਹ ਵਿਚ ਵੀ ਪਾ ਦਿੱਤੀ ਜ਼ੁਬਾਨਕਿਸਾਨ ਆਗੂ ਨੇ ਇਹ ਵੀ ਕਿਹਾ ਕਿ ਅੱਜ ਇਸ ਅੰਦੋਲਨ ਦਾ ਨਤੀਜਾ ਹੀ ਹੈ ਕਿ ਪੰਜਾਬ ਦੇ ਹਾਲਾਤ ਹੁਣ ਪਹਿਲਾਂ ਵਰਗੇ ਨਹੀਂ ਰਹਿ ਗਏ। ਉਹ ਲੋਕ ਜਿਹੜੇ ਪਿੰਡਾਂ ਵਿੱਚ ਕਿਸੇ ਪ੍ਰੋਗਰਾਮ ਲਈ ਨੇਤਾਵਾਂ ਦੀ ਘੰਟਿਆਂ ਤੱਕ ਉਡੀਕ ਕਰਦੇ ਸੀ, ਉਹੀ ਲੋਕ ਹੁਣ ਇਨ੍ਹਾਂ ਨੇਤਾਵਾਂ ਨੂੰ ਪਿੰਡਾਂ ਵਿੱਚ ਵੜਦਿਆਂ ਹੀ ਪਹਿਲਾਂ ਇਨ੍ਹਾਂ ਦੀ ਕਾਰਗੁਜ਼ਾਰੀ ‘ਤੇ ਸਵਾਲ ਖੜ੍ਹੇ ਕਰਦੇ ਹਨ।
ਇੱਕ ਵੀ ਕਿਸਾਨ ਆਗੂ ਨਹੀਂ ਦੇਵੇਗਾ ਕੈਪਟਨ ਦਾ ਸਾਥ ਕਿਸਾਨ ਆਗੂ ਮੁਕੇਸ਼ ਚੰਦ ਨੇ ਕਿਹਾ ਕਿ ਅੱਜ ਕੈਪਟਨ ਅਮਰਿੰਦਰ ਸਿੰਘ ਇਹ ਕਹਿੰਦੇ ਨਜ਼ਰ ਆ ਰਹੇ ਨੇ ਕਿ ਉਨ੍ਹਾਂ ਦੇ ਨਾਲ ਕਈ ਕਿਸਾਨ ਆਗੂ ਨੇ ਅਤੇ ਉਹ ਉਨ੍ਹਾਂ ਨੂੰ ਲੈ ਕੇ ਸਰਕਾਰ ਨਾਲ ਮੀਟਿੰਗ ਕਰਨਗੇ, ਪਰ ਦੂਜੇ ਪਾਸੇ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ 32 ਜਥੇਬੰਦੀਆਂ ਹਨ ਅਤੇ 40 ਕਿਸਾਨ ਆਗੂਆਂ ਦੀ ਸੰਯੁਕਤ ਮੋਰਚੇ ਦੀ ਟੀਮ ਹੈ। ਉਨ੍ਹਾਂ ਮੁਤਾਬਕ ਇਨ੍ਹਾਂ ਵਿੱਚੋਂ ਕੋਈ ਵੀ ਕੈਪਟਨ ਦੇ ਨਾਲ ਨਹੀਂ ਹੈ ਅਤੇ ਨਾ ਹੀ ਕੈਪਟਨ ਦੇ ਨਾਲ ਕੀਤੇ ਜਾਣ ਨੂੰ ਤਿਆਰ ਹੈ। ਉਨ੍ਹਾਂ ਮੁਤਾਬਕ ਕਿਸਾਨੀ ਅੰਦੋਲਨ ਕਿਸਾਨਾਂ ਦਾ ਆਪਣਾ ਅੰਦੋਲਨ ਹੈ ਅਤੇ ਇਸ ਦੇ ਲਈ ਉਹ ਕਿਸੇ ਵੀ ਅਜਿਹੇ ਆਗੂ ਦਾ ਸਾਥ ਨਹੀਂ ਚਾਹੁੰਦੇ ਜੋ ਆਪਣੇ ਰਾਜਨੀਤਕ ਫਾਇਦੇ ਲਈ ਉਨ੍ਹਾਂ ਦਾ ਇਸਤੇਮਾਲ ਕਰਨਾ ਚਾਹੁੰਦਾ ਹੈ।
ਨਵੀਂਆਂ ਚਾਲਾਂ ਨਾਲ ਕੈਪਟਨ ਨੂੰ ਨਹੀਂ ਮਿਲ ਸਕੇਗਾ ਲਾਭ-ਮਹੇਸ਼ਇੰਦਰ ਗਰੇਵਾਲਉੱਧਰ ਇਸ ਪੂਰੇ ਮੁੱਦੇ ‘ਤੇ ਅਕਾਲੀ ਦਲ ਦਾ ਕਹਿਣਾ ਹੈ ਕਿ ਭਾਵੇਂ ਕੈਪਟਨ ਅਮਰਿੰਦਰ ਸਿੰਘ ਆਪਣੀ ਪਾਰਟੀ ਬਣਾ ਲੈਣ ਅਤੇ ਬਸ਼ੱਕ ਉਹ ਕਿਸਾਨਾਂ ਦੇ ਸਾਥ ਦੀ ਗੱਲ ਵੀ ਕਰਨ, ਪਰ ਅਸਲ ਸੱਚਾਈ ਇਹ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਨਾਲ ਕੋਈ ਰਾਜਨੀਤਕ ਫ਼ਾਇਦਾ ਨਹੀਂ ਪਹੁੰਚੇਗਾ। ਉਨ੍ਹਾਂ ਮੁਤਾਬਕ ਜਿੱਥੇ ਤਕ ਅਕਾਲੀ ਦਲ ਦਾ ਸਵਾਲ ਹੈ ਜੇਕਰ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਪਿੰਡਾਂ ਵਿੱਚ ਕਿਸਾਨਾਂ ਨਾਲ ਗੱਲ ਕਰ ਵੀ ਲੈਂਦੇ ਹਨ ਤਾਂ ਉਸ ਦਾ ਅਕਾਲੀ ਦਲ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ ਕਿਉਂਕਿ ਪਿੰਡਾਂ ਵਿੱਚ ਕਿਸਾਨੀ ਅੰਦੋਲਨ ਕਰਕੇ ਭਾਜਪਾ ਦੀ ਇੰਨੀ ਵਿਰੋਧਤਾ ਹੈ ਕਿ ਲੋਕ ਉਸ ਇਨਸਾਨ ਦਾ ਕਦੀ ਵੀ ਸਾਥ ਨਹੀਂ ਦੇਣਗੇ ਜੋ ਭਾਜਪਾ ਦੇ ਨਾਲ ਹੋਵੇਗਾ।