ਰਾਜਸਥਾਨ/ਸ਼੍ਰੀ ਗੰਗਾ ਨਗਰ:ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੀ ਭਾਲ 'ਚ ਵਿਜੀਲੈਂਸ ਦੀ ਟੀਮ ਰਾਜਸਥਾਨ ਦੇ ਸਾਦੁਲਸ਼ਹਿਰ ਪਹੁੰਚੀ ਅਤੇ ਮਨਪ੍ਰੀਤ ਬਾਦਲ ਤੋਂ ਉਨ੍ਹਾਂ ਦੇ ਫਾਰਮ ਹਾਊਸ 'ਤੇ ਪੁੱਛਗਿੱਛ ਕੀਤੀ। ਹਾਲਾਂਕਿ ਮਨਪ੍ਰੀਤ ਬਾਦਲ ਉੱਥੇ ਨਹੀਂ ਮਿਲੇ, ਜਿਸ ਤੋਂ ਬਾਅਦ ਟੀਮ ਵਾਪਸ ਪਰਤ ਗਈ। (Raid in Rajasthan in search of Manpreet Badal)
ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਖਿਲਾਫ ਲੁੱਕ ਆਊਟ ਨੋਟਿਸ ਜਾਰੀ ਕੀਤਾ ਹੋਇਆ ਹੈ। ਮਨਪ੍ਰੀਤ ਬਾਦਲ ਖ਼ਿਲਾਫ਼ ਚਾਰ ਦਿਨ ਪਹਿਲਾਂ ਜਾਇਦਾਦ ਦੇ ਮਾਮਲੇ ਵਿੱਚ ਕੇਸ ਦਰਜ ਕੀਤਾ ਗਿਆ ਸੀ, ਜਿਸ ਵਿੱਚ ਪੰਜ ਹੋਰ ਲੋਕ ਵੀ ਸ਼ਾਮਿਲ ਹਨ। ਇਨ੍ਹਾਂ ਵਿੱਚੋਂ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜਾਣਕਾਰੀ ਅਨੁਸਾਰ ਪੰਜਾਬ ਦੀ ਵਿਜੀਲੈਂਸ ਟੀਮ ਨੇ ਪੰਜਾਬ ਦੇ ਪਿੰਡ ਬਾਦਲ ਵਿੱਚ ਮਨਪ੍ਰੀਤ ਬਾਦਲ ਦੇ ਘਰ ਵੀ ਛਾਪੇਮਾਰੀ ਕੀਤੀ ਹੈ।
ਦੱਸ ਦੇਈਏ ਕਿ ਮਨਪ੍ਰੀਤ ਸਿੰਘ ਬਾਦਲ ਖਿਲਾਫ ਜਾਇਦਾਦ ਖਰੀਦ ਮਾਮਲੇ ਦੀ ਜਾਂਚ ਪਿਛਲੇ ਕਾਫੀ ਸਮੇਂ ਤੋਂ ਚੱਲ ਰਹੀ ਸੀ ਅਤੇ ਚਾਰ ਦਿਨ ਪਹਿਲਾਂ ਮਨਪ੍ਰੀਤ ਸਿੰਘ ਬਾਦਲ ਸਮੇਤ 6 ਲੋਕਾਂ ਖਿਲਾਫ ਪੰਜਾਬ 'ਚ ਮਾਮਲਾ ਦਰਜ ਕੀਤਾ ਗਿਆ ਸੀ, ਜਿਸ 'ਚ ਤਿੰਨ ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਸੀ। ਲੁੱਕ ਆਊਟ ਨੋਟਿਸ ਜਾਰੀ ਹੋਣ ਤੋਂ ਬਾਅਦ ਮਨਪ੍ਰੀਤ ਸਿੰਘ ਬਾਦਲ ਦੀ ਬੜੀ ਤੇਜ਼ੀ ਨਾਲ ਭਾਲ ਕੀਤੀ ਜਾ ਰਹੀ ਹੈ।
ਮਨਪ੍ਰੀਤ ਬਾਦਲ ਦੀਆਂ ਸਾਦੂਲਸ਼ਹਿਰ 'ਚ ਜੱਦੀ-ਪੁਸ਼ਤੀ ਜ਼ਮੀਨਾਂ:ਮਨਪ੍ਰੀਤ ਬਾਦਲ ਦਾ ਰਾਜਸਥਾਨ ਦੇ ਸਾਦੂਲਸ਼ਹਿਰ 'ਚ ਪਿੰਡ ਦੁੱਦਾ ਖਿੱਚੜ ਨੇੜੇ ਇਕ ਫਾਰਮ ਹਾਊਸ ਹੈ ਅਤੇ ਉਨ੍ਹਾਂ ਦੀ ਜੱਦੀ ਜ਼ਮੀਨ ਵੀ ਹੈ। ਅਜਿਹੇ 'ਚ ਬਠਿੰਡਾ, ਪੰਜਾਬ ਦੀ ਵਿਜੀਲੈਂਸ ਟੀਮ ਨੇ ਛਾਪੇਮਾਰੀ ਕਰਕੇ ਮਨਪ੍ਰੀਤ ਸਿੰਘ ਬਾਦਲ ਦੀ ਭਾਲ ਕੀਤੀ, ਪਰ ਉਹ ਫਾਰਮ ਹਾਊਸ 'ਤੇ ਨਹੀਂ ਮਿਲੇ। ਇਸ ਟੀਮ ਨੇ ਫਾਰਮ ਹਾਊਸ 'ਤੇ ਮੌਜੂਦ ਲੋਕਾਂ ਤੋਂ ਪੁੱਛ-ਪੜਤਾਲ ਕੀਤੀ ਅਤੇ ਮੁੜ ਉੱਥੋਂ ਚਲੇ ਗਏ। (Raid in Rajasthan in search of Manpreet Badal)