ਨਵੀਂ ਦਿੱਲੀ/ਚੰਡੀਗੜ੍ਹ:ਭਾਰਤ ਵਿੱਚ ਕੋਰੋਨਾ ਵਾਇਰਸ ਦੇ ਐਕਟਿਵ ਮਾਮਲੇ ਲਗਾਤਾਰ ਵੱਧ ਰਹੇ ਹਨ। ਕੇਂਦਰੀ ਸਿਹਤ ਮੰਤਰਾਲੇ ਦੀ ਅਧਿਕਾਰਿਤ ਵੈਬਸਾਈਟ ਉੱਤੇ ਰੋਜ਼ਾਨਾ ਹੈਰਾਨ ਕਰ ਦੇਣ ਵਾਲੇ ਅੰਕੜੇ ਸਾਹਮਣੇ ਆ ਰਹੇ ਹਨ। ਭਾਰਤ ਵਿੱਚ ਕੋਵਿਡ-19 ਦੇ 6,153 ਨਵੇਂ ਮਾਮਲੇ ਦਰਜ ਹੋਏ ਹਨ। ਇਸ ਦੇ ਨਾਲ ਹੀ ਸ਼ਨੀਵਾਰ ਨੂੰ ਕੋਰੋਨਾਵਾਇਰਸ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਕੇ 4, 47, 51, 259 ਹੋ ਗਈ ਹੈ। ਉੱਥੇ ਹੀ, ਕੁੱਲ ਐਕਟਿਵ ਮਾਮਲਿਆਂ ਦੀ ਗਿਣਤੀ ਵੀ 31 ਹਜ਼ਾਰ ਤੋਂ ਪਾਰ ਹੋ ਚੁੱਕੀ ਹੈ। ਇਲਾਜ ਤੋਂ ਬਾਅਦ ਠੀਕ ਹੋ ਕੇ ਪਿਛਲੇ 24 ਘੰਟਿਆਂ ਵਿੱਚ 3,253 ਲੋਕ ਹਸਪਤਾਲ ਤੋਂ ਛੁੱਟੀ ਲੈ ਕੇ ਵਾਪਸ ਘਰ ਪਰਤੇ ਹਨ। ਦੱਸ ਦਈਏ ਕਿ ਕੋਰੋਨਾਵਾਇਰਸ ਨਾਲ, ਸ਼ਨੀਵਾਰ ਨੂੰ 09 ਮੌਤਾਂ ਹੋਈਆਂ ਹਨ।
ਕੋਰੋਨਾਵਾਇਰਸ ਦਾ ਰਿਕਰਵਰੀ ਰੇਟ: ਕੇਂਦਰੀ ਸਿਹਤ ਮੰਤਰਾਲੇ ਦੀ ਰਿਪੋਰਟ ਅਨੁਸਾਰ ਪਿਛਲੇ 24 ਘੰਟਿਆ ਵਿੱਚ, ਸ਼ਨੀਵਾਰ ਨੂੰ ਕੋਰੋਨਾਵਾਇਰਸ ਬਿਮਾਰੀ ਤੋਂ ਠੀਕ ਹੋਣ ਵਾਲੇ ਮਰੀਜ਼ਾਂ ਦੀ ਦੇਸ਼ 'ਚ 98.74 ਫ਼ੀਸਦੀ ਰਿਕਰਵਰੀ ਰੇਟ ਦਰਜ ਹੋਈ। ਇਸ ਬਿਮਾਰੀ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ ਵੱਧ 4, 41, 89, 111 ਦਰਜ ਹੋਈ, ਜਦਕਿ ਕੋਰੋਨਾਵਾਇਰਸ ਦੀ ਰੋਜ਼ਾਨਾ ਲਾਗ ਦਰ 5.63 ਫੀਸਦੀ ਤੇ ਹਫ਼ਤਾਵਾਰੀ ਕੋਰੋਨਾ ਲਾਗ ਦਰ 3.47 ਫੀਸਦੀ ਉੱਤੇ ਹੀ ਬਣੀ ਹੈ। ਮੰਤਰਾਲੇ ਦੀ ਵੈਬਸਾਈਟ ਅਨੁਸਾਰ, ਦੇਸ਼ ਵਿਆਪੀ ਟੀਕਾਕਰਨ ਮੁਹਿੰਮ ਤਹਿਤ ਹੁਣ ਤੱਕ ਕੋਵਿਡ-19 ਵਿਰੋਧੀ ਵੈਕਸੀਨ ਦੀਆਂ 2,20,66,22, 663 ਲੋਕਾਂ ਨੂੰ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਪਿਛਲੇ 24 ਘੰਟਿਆਂ 'ਚ, ਕੋਵਿਡ-19 ਜਾਂਚ ਲਈ 1,09, 378 ਨਮੂਨੇ ਲਏ ਹਨ।
ਪੰਜਾਬ ਵਿੱਚ ਕੋਰੋਨਾ ਦੀ ਸਥਿਤੀ:ਪਿਛਲੇ 24 ਘੰਟਿਆਂ ਵਿੱਚ, ਸ਼ਨੀਵਾਰ ਨੂੰ ਪੰਜਾਬ ਵਿੱਚ ਕੋਰੋਨਾ ਵਾਇਰਸ ਦੇ 86 ਨਵੇਂ ਮਾਮਲੇ ਦਰਜ ਹੋਏ। ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਮੋਹਾਲੀ-25, ਜਲੰਧਰ-03, ਲੁਧਿਆਣਾ-25, ਪਠਾਨਕੋਟ-03, ਫ਼ਤਿਹਗੜ੍ਹ ਸਾਹਿਬ-5, ਅੰਮ੍ਰਿਤਸਰ-5, ਪਟਿਆਲਾ-5, ਸੰਗਰੂਰ-5, ਰੋਪੜ-4, ਹੁਸ਼ਿਆਰਪੁਰ-3, ਬਠਿੰਡਾ-1, ਨਵਾਂਸ਼ਹਿਰ-1 ਅਤੇ ਤਰਨਤਾਰਨ-1 ਮਾਮਲੇ ਦਰਜ ਹੋਏ ਹਨ। ਪੰਜਾਬ ਵਿੱਚ ਕੋਰੋਨਾ ਪਾਜ਼ੀਟਿਵਿਟੀ ਦਰ 3.41 ਫੀਸਦੀ ਦਰਜ ਹੋਈ ਹੈ। ਉੱਥੇ ਹੀ 12 ਮਰੀਜ ਆਕਸੀਜਨ ਸਪੋਰਟ 'ਤੇ ਹਨ, ਜਿਨ੍ਹਾਂ ਚੋਂ 4 ਦੀ ਹਾਲਤ ਗੰਭੀਰ ਬਣੀ ਹੋਈ ਹੈ। ਬੀਤੇ ਦਿਨ ਪੰਜਾਬ ਵਿੱਚ ਕੋਰੋਨਾ ਨਾਲ ਕੋਈ ਵੀ ਮੌਤ ਦਰਜ ਨਹੀਂ ਹੋਈ।