ਨਵੀਂ ਦਿੱਲੀ : ਕੋਰੋਨਾ ਵਾਇਰਸ ਨੂੰ ਲੈ ਕੇ ਪੀਐਮ ਮੋਦੀ ਨੇ ਅੱਜ ਇੱਕ ਆਲ ਪਾਰਟੀ ਮੀਟਿੰਗ ਕੀਤੀ। ਇਸ ਮੀਟਿੰਗ ਦੇ ਦੌਰਾਨ ਉਨ੍ਹਾਂ ਨੇ ਕੋਰੋਨਾ ਵਾਇਰਸ ਬਾਰੇ ਚਰਚਾ ਕੀਤੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਭਾਰਤੀ ਵੈਕਸੀਨ ਨਿਰਮਾਤਾ ਅਤੇ ਆਈਸੀਐਮਆਰ (ICMR) ਗਲੋਬਲ ਨਿਰਮਾਤਾਵਾਂ ਦੇ ਸੰਪਰਕ ਵਿੱਚ ਹਨ। ਉਨ੍ਹਾਂ ਕਿਹਾ ਕਿ ਮਾਹਰ ਹੁਣ ਕਹਿ ਰਹੇ ਹਨ ਕਿ ਇਹ ਵੈਕਸੀਨ ਅਗਲੇ ਕੁੱਝ ਹਫ਼ਤਿਆਂ ਵਿੱਚ ਤਿਆਰ ਹੋ ਜਾਵੇਗੀ ਤੇ ਜਿਵੇਂ ਹੀ ਵਿਗਿਆਨੀਆਂ ਨੂੰ ਹਰੀ ਝੰਡੀ ਮਿਲੇਗੀ, ਦੇਸ਼ ਵਿੱਚ ਟੀਕਾਕਰਣ ਮੁਹਿੰਮ ਸ਼ੁਰੂ ਹੋ ਜਾਵੇਗੀ।
ਪੀਐਮ ਨੇ ਆਖਿਆ ਕਿ ਟੀਕਾਕਰਣ ਦੀ ਮੁਹਿੰਮ ਦੌਰਾਨ ਸਭ ਤੋਂ ਪਹਿਲਾਂ ਹੀ ਇਹ ਵੈਕਸੀਨ ਹੈਲਥ ਵਰਕਰਾਂ, ਡਾਕਟਰਾਂ ਤੇ ਮਰੀਜ਼ਾਂ ਨੂੰ ਦਿੱਤੀ ਜਾਵੇਗੀ। ਇਹ ਮੰਨਿਆ ਜਾ ਰਿਹਾ ਹੈ ਕਿ ਅਗਲੇ ਕੁੱਝ ਹਫ਼ਤਿਆਂ 'ਚ ਕੋਰੋਨਾ ਵੈਕਸੀਨ ਉਪਲਬਧ ਹੋਵੇਗੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਵਿੱਚ ਇਸ ਸਮੇਂ ਤਿੰਨ ਵੱਖ-ਵੱਖ ਟੀਕਿਆਂ ਦੇ ਟ੍ਰਾਇਲ ਹੋ ਰਹੇ ਹਨ। ਪੀਐਮ ਮੋਦੀ ਨੇ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਕੋਵਿਡ -19 ਦੀ ਵੈਕਸੀਨ ਵੰਡ ਲਈ ਮਿਲ ਕੇ ਕੰਮ ਕਰ ਰਹੀਆਂ ਹਨ। ਇਸ ਲਈ ਦੇਸ਼ ਵਿੱਚ ਕੋਲਡ ਚੇਨ ਦੀ ਪ੍ਰਣਾਲੀ ਨੂੰ ਹੋਰ ਮਜਬੂਤ ਕੀਤਾ ਜਾ ਰਿਹਾ ਹੈ।
ਪੀਐਮ ਮੋਦੀ ਨੇ ਕਿਹਾ ਕਿ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਗੱਲਬਾਤ ਕੀਤੀ ਗਈ ਹੈ ਅਤੇ ਸਭ ਨੇ ਟੀਕਾਕਰਣ ਸੰਬੰਧੀ ਅਹਿਮ ਸੁਝਾਅ ਦਿੱਤੇ ਹਨ। ਉਨ੍ਹਾਂ ਕਿਹਾ ਕਿ ਕੁੱਝ ਦਿਨ ਪਹਿਲਾਂ ਵਿਗਿਆਨੀਆਂ ਨਾਲ ਗੱਲਬਾਤ ਹੋਈ ਸੀ। ਸਾਡੇ ਵਿਗਿਆਨੀ ਆਪਣੀ ਟੀਕੇ ਬਾਰੇ ਬਹੁਤ ਵਿਸ਼ਵਾਸ਼ ਰੱਖਦੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਸਮੇਂ ਕੁੱਝ ਟੀਕਿਆਂ ਦੇ ਨਾਂਅ ਵਿਸ਼ਵ ਭਰ ਵਿੱਚ ਚੱਲ ਰਹੇ ਹਨ, ਪਰ ਸਭ ਦੀ ਨਜ਼ਰ ਸਭ ਤੋਂ ਸਸਤੇ ਟੀਕੇ ‘ਤੇ ਹੈ। ਇਸ ਦਿਸ਼ਾ 'ਚ, ਪੂਰੀ ਦੁਨੀਆ ਦੀਆਂ ਨਜ਼ਰਾਂ ਵੀ ਭਾਰਤ 'ਤੇ ਕੇਂਦਰਤ ਹਨ।