ਨੈਨੀਤਾਲ/ਦੇਹਰਾਦੂਨ: ਸ਼ਰਧਾਲੂਆਂ ਨੂੰ 1 ਅਪ੍ਰੈਲ ਤੋਂ ਧਰਮਨਗਰੀ ਹਰਿਦੁਆਰ 'ਚ ਹੋਣ ਵਾਲੇ ਮਹਾਂਕੁੰਭ 'ਚ 72 ਘੰਟਿਆਂ ਪਹਿਲਾਂ ਦੀ ਕੋਰੋਨਾ ਆਰ.ਟੀ ਪੀ.ਸੀ.ਆਰ ਰਿਪੋਰਟ ਲੈ ਕੇ ਆਉਣੀ ਹੋਵੇਗੀ। ਇਸ ਤੋਂ ਬਾਅਦ ਹੀ ਉਨ੍ਹਾਂ ਨੂੰ ਕੁੰਭ 'ਚ ਦਾਖਲਾ ਮਿਲੇਗਾ। ਹਾਈਕੋਰਟ ਨੇ ਇਸ ਬਾਰੇ ਉੱਤਰਾਖੰਡ ਸਰਕਾਰ ਨੂੰ ਆਦੇਸ਼ ਦਿੱਤੇ ਹਨ।
ਇਸ ਦੇ ਨਾਲ ਹੀ ਹਾਈਕੋਰਟ ਨੇ ਉੱਤਰਾਖੰਡ ਸਰਕਾਰ ਤੋਂ ਕੁੰਭ ਖੇਤਰ 'ਚ ਹੋਏ ਅਧੂਰੇ ਕੰਮਾਂ ਦੇ ਮਾਮਲੇ ਨੂੰ ਲੈ ਕੇ ਜਵਾਬ ਵੀ ਮੰਗਿਆ ਹੈ। ਹਾਈ ਕੋਰਟ ਨੇ ਮੁੱਖ ਸਕੱਤਰ ਓਮ ਪ੍ਰਕਾਸ਼ ਦੀ ਪ੍ਰਧਾਨਗੀ ਹੇਠ ਕਮੇਟੀ ਦਾ ਗਠਨ ਕੀਤਾ ਹੈ ਤਾਂ ਜੋ ਅਦਾਲਤ ਨੂੰ ਕੁੰਭ ਮੇਲੇ ਦੇ ਖੇਤਰ 'ਚ ਕੀਤੇ ਜਾ ਰਹੇ ਕੰਮਾਂ ਦੀ ਵਿਸਥਾਰਤ ਰਿਪੋਰਟ ਪੇਸ਼ ਕੀਤੀ ਜਾਵੇ।
ਹਰਿਦੁਆਰ ਦੀ ਤਾਜ਼ਾ ਫੇਰੀ ਦੌਰਾਨ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਨੇ ਐਲਾਨ ਕੀਤਾ ਸੀ ਕਿ ਕੁੰਭ ਲਈ ਕੋਰੋਨਾ ਨੈਗੇਟਿਵ ਰਿਪੋਰਟ ਲਾਜ਼ਮੀ ਨਹੀਂ ਹੋਵੇਗੀ। ਪਰ ਹੁਣ ਅਜਿਹਾ ਨਹੀਂ ਹੋਵੇਗਾ, ਕਿਉਂਕਿ ਕੁੰਭ ਆਉਣ ਲਈ 72 ਘੰਟੇ ਪਹਿਲਾਂ ਦੀ ਕੋਵਿਡ-19 ਨੈਗੇਟਿਵ ਰਿਪੋਰਟ ਲੈ ਕੇ ਆਉਣੀ ਹੀ ਪਵੇਗੀ। ਆਪਦਾ ਸਕੱਤਰ ਐਸ. ਮੁਰਗੇਸ਼ਨ ਨੇ ਇਸ ਦੀ ਪੁਸ਼ਟੀ ਕੀਤੀ ਹੈ।