ਲੰਡਨ:ਬੀਬੀਸੀ ਦੇ ਸਾਬਕਾ ਐਂਕਰ ਹਰਦੀਪ ਸਿੰਘ ਕੋਹਲੀ 'ਤੇ ਗੰਭੀਰ ਇਲਜਾਮ ਲੱਗੇ ਹਨ। ਉਨ੍ਹਾਂ ਉੱਤੇ ਇਲਜਾਮ ਹਨ ਕਿ ਉਨ੍ਹਾਂ ਵੱਲੋਂ 20 ਤੋਂ ਵੱਧ ਔਰਤਾਂ ਨਾਲ ਜਿਨਸੀ ਸੋਸ਼ਣ ਕੀਤਾ ਗਿਆ ਹੈ। ਇਸ ਤੋਂ ਇਲਾਵਾ ਖਰਾਬ ਵਰਤਾਓ ਵੀ ਕੀਤਾ ਗਿਆ ਹੈ। ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਮਿਲਣ ਤੋਂ ਬਾਅਦ ਹੁਣ ਸਕਾਟਲੈਂਡ ਦੀ ਪੁਲਿਸ ਜਾਂਚ ਕਰ ਰਹੀ ਹੈ। ਜਾਣਕਾਰੀ ਮੁਤਾਬਿਕ 54 ਸਾਲ ਦੇ ਕੋਹਲੀ ਬੀਬੀਸੀ ਦੇ ਸਾਬਕਾ ਐਂਕਰ ਹਨ ਅਤੇ ਇਸ ਤੋਂ ਇਲਾਵਾ ਲੇਖਕ ਅਤੇ ਸ਼ੈੱਫ ਦੇ ਤੌਰ ਉੱਤੇ ਵੀ ਜਾਣੇ ਜਾਂਦੇ ਹਨ। ਉਨ੍ਹਾਂ ਵੱਲੋਂ ਔਰਤਾਂ ਨਾਲ ਮਾੜਾ ਵਰਤਾਓ ਕੀਤਾ ਗਿਆ ਹੈ, ਇਸਦੀ ਰਿਪੋਰਟ ਟਾਈਮਜ਼ ਨੇ ਛਾਪੀ ਹੈ।
ਟਾਇਮਜ਼ ਅਖ਼ਬਾਰ ਨੇ ਛਾਪੀ ਰਿਪੋਰਟ :ਇਸ ਅਖ਼ਬਾਰ ਨੇ ਇਸ ਹਫ਼ਤੇ ਰਿਪੋਰਟ ਪੇਸ਼ ਕੀਤੀ ਸੀ ਕਿ ਲੇਬਰ ਪਾਰਟੀ ਦੇ ਇੱਕ ਸਾਬਕਾ ਅਧਿਕਾਰੀ ਨੇ ਇਲਜਾਮ ਲਾਇਆ ਕਿ ਕੋਹਲੀ ਨੇ ਸੋਸ਼ਲ ਮੀਡੀਆ 'ਤੇ ਉਸ ਨਾਲ ਸੰਪਰਕ ਕਰਨ ਤੋਂ ਬਾਅਦ ਉਸ ਉੱਤੇ ਗਲਤ ਤਰੀਕੇ ਦੀਆਂ ਜਿਨਸੀ ਟਿੱਪਣੀਆਂ ਕੀਤੀਆਂ ਹਨ। ਉਸਨੇ ਕਿਹਾ ਕਿ ਮੈਂ ਇਸ ਦੌਰਾਨ ਸਹਿਜ ਮਹਿਸੂਸ ਨਹੀਂ ਕਰ ਰਿਹਾ ਸੀ ਪਰ ਉਹ ਨਹੀਂ ਮੰਨੇ ਅਤੇ ਸੈਕਸ ਚੈਟ ਵਿੱਚ ਸ਼ਾਮਿਲ ਹੋਣ ਲਈ ਕਿਹਾ। ਇਹ ਵੀ ਜਿਕਰਯੋਗ ਹੈ ਕਿ ਹਰਦੀਪ ਕੋਹਲੀ ਨੇ ਇਸ ਹਫਤੇ ਦੀ ਸ਼ੁਰੂਆਤ ਵਿੱਚ ਆਪਣੀ ਟਵਿੱਟਰ ਦੀ ਪ੍ਰੋਫਾਈਲ ਵੀ ਡਿਲੀਟ ਕੀਤੀ। ਕਿਉਂ ਕਿ ਔਰਤਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਦੀ ਵਰਤੋਂ ਕੀਤੀ ਅਤੇ ਉਸ ਉੱਤੇ ਜਿਨਸੀ ਤੌਰ 'ਤੇ ਅਣਉਚਿਤ ਵਰਤਾਓ ਦਾ ਇਲਜਾਮ ਲਗਾਇਆ ਸੀ।
ਛੂਹਿਆ ਅਤੇ ਚੁੰਮਿਆ ਸੀ :ਇਸ ਤੋਂ ਇਲਾਵਾ ਪਿਛਲੇ ਹਫਤੇ ਇੱਕ ਔਰਤ ਨੇ ਦਾਅਵਾ ਕੀਤਾ ਸੀ ਕਿ ਜਦੋਂ ਉਹ 19 ਸਾਲ ਦੀ ਸੀ ਅਤੇ ਕੋਹਲੀ 44 ਸਾਲ ਦਾ ਤਾਂ ਉਸਨੇ ਉਸਦੀਆਂ ਇੱਛਾ ਦੇ ਵਿਰੋਧ ਜਾ ਕੇ ਛਾਤੀਆਂ ਨੂੰ ਛੂਹਿਆ ਅਤੇ ਚੁੰਮਿਆ ਸੀ। ਇਕ ਹੋਰ ਔਰਤ ਨੇ ਇਲਜ਼ਾਮ ਲਗਾਇਆ ਕਿ ਕੋਹਲੀ ਨੇ ਉਸਨੂੰ ਕੰਧ ਨਾਲ ਧੱਕਾ ਦਿੱਤਾ ਅਤੇ ਆਪਣੇ ਬੈੱਡਰੂਮ ਵਿੱਚ ਖਿੱਚਣ ਦੀ ਕੋਸ਼ਿਸ਼ ਕੀਤੀ ਸੀ। ਇਹ ਵੀ ਯਾਦ ਰਹੇ ਕਿ ਮਾੜੇ ਵਰਤਾਓ ਦੇ ਇਨ੍ਹਾਂ ਦਾਅਵਿਆਂ ਤੋਂ ਬਾਅਦ ਪਿਛਲੇ ਹਫਤੇ ਐਡਿਨਬਰਗ ਫਰਿੰਜ ਦੇ ਸਭ ਤੋਂ ਵੱਡੇ ਸਥਾਨਾਂ ਵਿੱਚੋਂ ਇੱਕ ਨੇ ਉਸਨੂੰ ਉਮਰ ਭਰ ਲਈ ਪਾਬੰਦ ਵੀ ਕੀਤਾ ਸੀ।
ਇੱਥੇ ਇਹ ਜ਼ਿਕਰਯੋਗ ਹੈ ਕਿ ਸਾਲ 2020 ਵਿੱਚ ਉਸਨੇ ਕਈ ਔਰਤਾਂ ਵੱਲੋਂ ਉਸ ਉੱਤੇ ਗਲਤ ਤਰੀਕੇ ਨਾਲ ਛੂਹਣ ਅਤੇ ਨਿਰਾਦਰ ਕਰਨ ਵਰਗੇ ਮਾੜੇ ਚੁਟਕਲੇ ਦੀਆਂ ਸ਼ਿਕਾਇਤਾਂ ਕੀਤੀਆਂ ਸਨ ਅਤੇ ਕੋਹਲੀ ਵੱਲੋਂ ਇਸ ਲਈ ਮਾਫੀ ਵੀ ਮੰਗੀ ਸੀ। ਯਾਦ ਰਹੇ ਕਿ ਪੰਜਾਬ ਤੋਂ ਪਰਵਾਸੀ ਮਾਪਿਆਂ ਦੇ ਘਰ ਲੰਡਨ ਵਿੱਚ ਜਨਮੇ ਕੋਹਲੀ ਨੇ ਬੀਬੀਸੀ ਅਤੇ ਹੋਰ ਬ੍ਰੌਡਕਾਸਟਰਾਂ ਲਈ ਪ੍ਰੋਗਰਾਮ ਵੀ ਪੇਸ਼ ਕੀਤੇ ਹਨ। ਇਸ ਤੋਂ ਇਲ਼ਾਵਾ ਸੈਲਿਬ੍ਰਿਟੀ ਮਾਸਟਰ ਸ਼ੈੱਫ ਦੇ 2006 ਐਡੀਸ਼ਨ ਵਿੱਚ ਕੋਹਲੀ ਉਪ ਜੇਤੂ ਵੀ ਰਿਹਾ ਹੈ। ਇਹ ਵੀ ਜਾਣਕਾਰੀ ਹੈ ਕਿ ਕੋਹਲੀ ਨਾਲ ਬੀਬੀਸੀ ਨੇ 2020 ਵਿੱਚ ਆਪਣੇ ਸਬੰਧ ਖਤਮ ਕਰ ਲਏ ਸਨ। ਇਹੀ ਨਹੀਂ ਕੋਹਲੀ ਜਦੋਂ ਇੱਕ ਰਿਪੋਰਟਰ ਵਜੋਂ ਕੰਮ ਕਰਦਾ ਸੀ ਤਾਂ ਸਾਲ 2009 ਵਿੱਚ ਇੱਕ ਮਹਿਲਾ ਖੋਜਕਰਤਾ ਦੇ ਪ੍ਰਤੀ ਗਲਤ ਵਰਤਾਓ ਦੇ ਇਲਜ਼ਾਮਾਂ ਵਿੱਚ ਬੀਬੀਸੀ ਨੇ ਉਸਨੂੰ ਛੇ ਮਹੀਨਿਆਂ ਲਈ ਅਹੁਦੇ ਤੋਂ ਬਰਖਾਸਤ ਕੀਤਾ ਸੀ। (ਆਈਏਐੱਨਐੱਸ)