ਨਵੀਂ ਦਿੱਲੀ: ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਵਸਤਾਂ ਅਤੇ ਸੇਵਾਵਾਂ ਦੇ ਟੈਕਸ (ਜੀਐਸਟੀ) ਨਾਲ ਜੁੜੇ ਸੁਧਾਰਾਂ ਬਾਰੇ ਵਿਚਾਰ ਵਟਾਂਦਰੇ ਲਈ ਜੀਐਸਟੀ ਕੌਂਸਲ ਦੀ ਇਕ ਮੀਟਿੰਗ ਤੁਰੰਤ ਬੁਲਾਈ ਜਾਣੀ ਚਾਹੀਦੀ ਹੈ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਲਿਖੇ ਪੱਤਰ ਵਿੱਚ ਬਾਦਲ ਨੇ ਕਿਹਾ ਕਿ ਉਹ ਜੀਐਸਟੀ ਦਾ ਮੁੱਦਾ ਅਜਿਹੇ ਸਮੇਂ ਉਠਾ ਰਹੇ ਹਨ ਜਦੋਂ ਦੇਸ਼ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦਾ ਸਾਹਮਣਾ ਕਰ ਰਿਹਾ ਹੈ ਅਤੇ ਇਹ ਸਥਿਤੀ ਪਹਿਲਾਂ ਨਾਲੋਂ ਵਧੇਰੇ ਭਿਆਨਕ ਹੈ।
ਉਨ੍ਹਾਂ ਨੇ ਪੱਤਰ ਵਿੱਚ ਕਿਹਾ ਕਿ ਮੈਂ ਇਹ ਪੱਤਰ ਲਿਖ ਰਿਹਾ ਹਾਂ ਕਿ ਕਿਉਂਕਿ ਪਿਛਲੇ ਛੇ ਮਹੀਨਿਆਂ ਵਿੱਚ ਜੀਐਸਟੀ ਕੌਂਸਲ ਦੀ ਕੋਈ ਮੀਟਿੰਗ ਨਹੀਂ ਹੋਈ, ਜਦੋਂ ਕਿ ਕੌਂਸਲ ਦੇ ਨਿਯਮ ਸੰਵਿਧਾਨ ਦੀ ਧਾਰਾ 279ਏ ਦੇ ਤਹਿਤ ਨਿਰਧਾਰਤ ਕੀਤੇ ਗਏ ਹਨ, ਜਿਸਦਾ ਅਰਥ ਹੈ ਕਿ ਹਰ ਤਿਮਾਹੀ ਦੇ ਬਾਅਦ ਇੱਕ ਮੀਟਿੰਗ ਹੋਣੀ ਚਾਹੀਦੀ ਹੈ। ਬਾਦਲ ਦੇ ਅਨੁਸਾਰ ਜੀਐਸਟੀ ਦਾ ਮਾਲੀਆ ਰਾਜਾਂ ਦੇ ਕੁਲ ਟੈਕਸ ਮਾਲੀਏ ਦਾ 50 ਪ੍ਰਤੀਸ਼ਤ ਹੈ।