ਬਿਹਾਰ:ਪਟਨਾ ਦੇ ਇੱਕ ਸ਼ਾਪਿੰਗ ਮਾਲ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਮੂਰਤੀ ਲਗਾਉਣ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਸਿੱਖ ਧਰਮ ਨਾਲ ਜੁੜੇ ਆਗੂਆਂ ਨੇ ਇਸ ’ਤੇ ਸਖ਼ਤ ਇਤਰਾਜ਼ ਜਤਾਇਆ ਹੈ। ਸਿੱਖ ਧਾਰਮਿਕ ਆਗੂਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਧਰਮ ਵਿੱਚ ਮੂਰਤੀ ਪੂਜਾ ਦੀ ਮਨਾਹੀ ਹੈ, ਤਾਂ ਫਿਰ ਗੁਰੂ ਸਾਹਿਬ ਦੀ ਮੂਰਤੀ ਕੀ ਸੋਚ ਕੇ ਮਾਲ ਵਿੱਚ ਸਥਾਪਿਤ ਕੀਤੀ ਗਈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਮਾਲ ਮਾਲਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।
ਸੋਚੀ ਸਮਝੀ ਸਾਜ਼ਿਸ਼:ਸਿੱਖ ਆਗੂਆਂ ਨੇ ਇਲਜ਼ਾਮ ਲਾਇਆ ਹੈ ਕਿ ਸਿੱਖ ਧਰਮ ਨਾਲ ਜੁੜੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਸੋਚੀ ਸਮਝੀ ਸਾਜ਼ਿਸ਼ ਤਹਿਤ ਇਹ ਸਾਰਾ ਕੰਮ ਜਾਣਬੁੱਝ ਕੇ ਕੀਤਾ ਜਾ ਰਿਹਾ ਹੈ। ਬਠਿੰਡਾ ਤੋਂ ਸੰਸਦ ਮੈਂਬਰ ਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਸਿੱਖ ਪੰਥ ਨੂੰ ਕਮਜ਼ੋਰ ਕਰਨ ਲਈ ਇਹ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ।
ਸਾਂਸਦ ਹਰਸਿਮਰਤ ਕੌਰ ਨੇ ਕੀਤਾ ਵਿਰੋਧ: ਹਰਸਿਮਰਤ ਕੌਰ ਬਾਦਲ ਨੇ ਟਵੀਟ ਕਰਦਿਆ ਲਿਖਿਆ ਕਿ ਸਿੱਖ ਧਰਮ ਦੀ ਮਰਿਆਦਾ ਵਿਰੁੱਧ ਕੰਮ ਕਰਨ ਵਾਲਿਆਂ ਨੂੰ ਤੁਰੰਤ ਪ੍ਰਭਾਵ ਨਾਲ ਮੁਆਫ਼ੀ ਮੰਗਣੀ ਚਾਹੀਦੀ ਹੈ ਅਤੇ ਬੁੱਤ ਹਟਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਡੇ ਗੁਰੂ ਸਾਹਿਬਾਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਨੂੰ ਪ੍ਰਮਾਤਮਾ ਦੇ ਨਿਰਾਕਾਰ ਰੂਪ ਬਾਰੇ ਦੱਸਦੇ ਹਨ। ਇਸੇ ਕਰਕੇ ਸਿੱਖ ਪਰੰਪਰਾ ਵਿੱਚ ਮੂਰਤੀ ਪੂਜਾ ਦੀ ਮਨਾਹੀ ਹੈ।
ਪਟਨਾ ਦੇ ਅੰਬੂਜਾ ਮਾਲ 'ਚ ਲਗਾਇਆ ਗਿਆ ਬੁੱਤ: ਪਟਨਾ ਵਿੱਚ ਜਿਸ ਮਾਲ ਵਿੱਚ ਗੁਰੂ ਸਾਹਿਬ ਦਾ ਮੋਮ ਦਾ ਬੁੱਤ ਲਗਾਉਣ ਦਾ ਵਿਰੋਧ ਹੋ ਰਿਹਾ ਹੈ, ਉਸ ਦਾ ਨਾਮ ਅੰਬੂਜਾ ਨਿਓਟੀਆ ਹੈ। ਇਸ ਸ਼ਾਪਿੰਗ ਮਾਲ ਵਿੱਚ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੀ ਮੂਰਤੀ ਸਥਾਪਿਤ ਕੀਤੀ ਗਈ ਜਿਸ ਦਾ ਸਿੱਖ ਕੌਮ ਦੇ ਲੋਕ ਵਿਰੋਧ ਕਰ ਰਹੇ ਹਨ। ਹਾਲਾਂਕਿ ਵਿਰੋਧ ਤੋਂ ਬਾਅਦ ਮੂਰਤੀ ਨੂੰ ਹਟਾ ਦਿੱਤਾ ਗਿਆ ਹੈ।
ਸਿੱਖ ਧਰਮ ਮੂਰਤੀ ਪੂਜਾ ਨੂੰ ਨਹੀਂ ਮੰਨਦਾ: ਸ਼੍ਰੋਮਣੀ ਕਮੇਟੀ ਦੇ ਸਾਬਕਾ ਸਕੱਤਰ ਦਲਜੀਤ ਸਿੰਬਲ ਬੇਦੀ (ਅੰਮ੍ਰਿਤਸਰ) ਨੇ ਕਿਹਾ ਕਿ ਸਿੱਖ ਧਰਮ ਮੂਰਤੀ ਪੂਜਾ ਨੂੰ ਨਹੀਂ ਮੰਨਦਾ। ਇਹ ਧਰਮ ਰੱਬ ਨੂੰ ਸਰਬ-ਵਿਆਪਕ ਅਤੇ ਸਰਬ-ਸ਼ਕਤੀਮਾਨ ਮੰਨਦਾ ਹੈ। ਇਹ ਧਰਮ ਦ੍ਰਿੜ੍ਹਤਾ ਨਾਲ ਮੰਨਦਾ ਹੈ ਕਿ ਕੋਈ ਵੀ ਵਿਅਕਤੀ ਜਨਮ ਤੋਂ ਉੱਚਾ ਜਾਂ ਨੀਵਾਂ ਨਹੀਂ ਹੁੰਦਾ। ਪ੍ਰਮਾਤਮਾ ਨੇ ਸਭ ਨੂੰ ਬਰਾਬਰ ਬਣਾਇਆ ਹੈ ਅਤੇ ਸਮਾਜ ਵਿੱਚ ਜੇਕਰ ਕੋਈ ਛੋਟਾ ਜਾਂ ਵੱਡਾ ਹੈ ਤਾਂ ਉਹ ਉਸਦੇ ਕੰਮਾਂ ਕਰਕੇ ਹੈ।
ਵਿਰੋਧ ਹੋਣ ਤੋਂ ਬਾਅਦ ਹਟਾਇਆ ਗਿਆ ਬੁੱਤ:ਜਦੋਂ ਸਿੱਖ ਜਥੇਬੰਦੀਆਂ ਵਲੋਂ ਤਿਖਾ ਵਿਰੋਧ ਕੀਤਾ ਗਿਆ, ਤਾਂ ਤਖ਼ਤ ਸ੍ਰੀ ਹਰਿਮੰਦਰ ਸਾਹਿਬ, ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਜੋਤ ਸਿੰਘ ਸੋਹੀ ਨੇ ਇਕ ਵਫ਼ਦ ਭੇਜਿਆ। ਕਮੇਟੀ ਦੇ ਵਾਈਸ ਚੇਅਰਮੈਨ ਨੇ ਮਾਲ ਦੀ ਜਾਚ ਕੀਤੀ ਅਤੇ ਪੂਰੀ ਘਟਨਾ ਬਾਰੇ ਮਾਲ ਦੇ ਮੈਨੇਜਰ ਨਾਲ ਗੱਲਬਾਤ ਕੀਤੀ ਗਈ। ਇਸ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਮੋਮ ਦਾ ਬੁੱਤ ਮਾਲ ਵਿੱਚ ਹਟਾ ਦਿੱਤਾ ਗਿਆ।