ਹੁਸ਼ਿਆਰਪੁਰ: ਨਗਰ ਨਿਗਮ ਹੁਸ਼ਿਆਰਪੁਰ ‘ਚ ਪਹਿਲੀ ਵਾਰ ਕਾਂਗਰਸ ਪਾਰਟੀ ਦਾ ਮੇਅਰ ਬਣਨ ਜਾ ਰਿਹਾ ਹੈ, ਨਗਰ ਨਿਗਮ ਦੇ 50 ਵਾਰਡਾਂ ਚੋਂ ਕਾਂਗਰਸ ਨੇ 41 ਵਾਰਡਾਂ ‘ਚ ਜਿੱਤ ਹਾਸਲ ਕਰਕੇ ਆਪਣੀ ਦਾਅਵੇਦਾਰੀ ਪੇਸ਼ ਕੀਤੀ ਹੈ। ਹਾਲਾਂਕਿ ਹੁਣ ਤੱਕ ਕਿਸੇ ਵੀ ਉਮੀਦਵਾਰ ਦੇ ਮੇਅਰ ਬਣਨ ਲਈ ਨਾਮ ਦਾ ਐਲਾਨ ਨਹੀਂ ਕੀਤਾ ਗਿਆ। ਹੁਣ ਤੱਕ ਇਸ ਗੱਲ ’ਤੇ ਸਹਿਮਤੀ ਨਹੀਂ ਬਣੀ ਕਿ ਇਸ ਵਾਰ ਕਾਂਗਰਸ ਪਾਰਟੀ ਵੱਲੋਂ ਕਿਸ ਉਮੀਦਵਾਰ ਨੂੰ ਮੇਅਰ ਦੀ ਕੁਰਸੀ 'ਤੇ ਬਿਠਾਇਆ ਜਾਵੇਗਾ।
ਜੇਕਰ ਸ਼ਹਿਰ 'ਚ ਕਾਂਗਰਸ ਦੇ ਉਮੀਦਵਾਰ ਦਾ ਨਾਮ ਲਿਆ ਜਾਵੇ ਤਾਂ ਸਭ ਤੋਂ ਪਹਿਲਾ ਨਾਮ ਵਿਜੈ ਅਗਰਵਾਲ ਦਾ ਉੱਭਰ ਕੇ ਸਾਹਮਣੇ ਆ ਰਿਹਾ ਹੈ। ਗੌਰਤਲਵ ਹੈ ਕਿ ਵਿਜੈ ਅਗਰਵਾਲ ਦਾ ਕੋਈ ਵੀ ਸਿਆਸੀ ਕੱਦ ਕਾਠ ਨਹੀਂ ਹੈ ਅਤੇ ਉਨ੍ਹਾਂ ਵੱਲੋਂ ਪਹਿਲੀ ਵਾਰ ਸਥਾਨਕ ਚੋਣਾਂ ‘ਚ ਭਾਗ ਲੈ ਕੇ ਜਿੱਤ ਹਾਸਲ ਕੀਤੀ ਗਈ ਹੈ। ਅਗਰਵਾਲ ਇੱਕ ਕਾਰੋਬਾਰੀ ਅਤੇ ਸਮਾਜ ਸੇਵੀ ਦੇ ਤੌਰ ’ਤੇ ਜਾਣੇ ਜਾਂਦੇ ਹਨ। ਅਜਿਹੇ ‘ਚ ਜੇਕਰ ਦੂਜਾ ਨਾਮ ਕਿਸੇ ਦਾ ਸਾਹਮਣੇ ਆਉਂਦਾ ਹੈ ਤਾਂ ਉਹ ਹੈ ਸੁਰਿੰਦਰ ਕੁਮਾਰ ਛਿੰਦਾ ਜੋ ਕਿ ਕਾਂਗਰਸ ਵੱਲੋਂ ਚਾਰ ਵਾਰ ਕੌਂਸਲਰ ਬਣ ਚੁੱਕੇ ਹਨ ਤੇ ਪਾਰਟੀ ਦੇ ਸਭ ਤੋਂ ਪੁਰਾਣੇ ਵਰਕਰ ਵੀ ਹਨ।