ਨਵੀਂ ਦਿੱਲੀ:ਕਾਂਗਰਸ ਨੇ ਰੁਜ਼ਗਾਰ ਦੇ ਮੌਕਿਆਂ ਦੇ ਕਥਿਤ ਕਮੀ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੋਮਵਾਰ ਨੂੰ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਉਹ ਰੁਜ਼ਗਾਰ ਮੇਲਾ ਇਸ ਲਈ ਕਰਵਾਉਂਦੇ ਹਨ, ਕਿਉਂਕਿ ਉਹ ਅਗਲੇ ਸਾਲ ਹੋਣ ਵਾਲੀਆਂ ਆਮ ਚੋਣਾਂ ਨੂੰ ਲੈ ਲੇ ਅਸਹਿਜ ਮਹਿਸੂਸ ਕਰ ਰਹੇ ਹਨ ਅਤੇ ਅਪਣਾ ਅਕਸ ਬਚਾਉਣਾ ਚਾਹੁੰਦੇ ਹਨ। ਪ੍ਰਧਾਨਮੰਤਰੀ ਮੋਦੀ ਨੇ ਅੱਜ ਸਵੇਰੇ ਰੁਜ਼ਗਾਰ ਮੇਲੇ ਦੌਰਾਨ ਨੌਜਵਾਨਾਂ ਨੂੰ ਖਾਸ ਕਰਕੇ ਸੁਰੱਖਿਆ ਬਲਾਂ ਵਿੱਚ ਨਿਯੁਕਤੀ ਲਈ 51 ਹਜ਼ਾਰ ਤੋਂ ਵੱਧ ਪੱਤਰ ਵੰਡੇ ਹਨ।
ਕਾਂਗਰਸ ਦੇ ਮਹਾਸਕੱਤਰ ਜੈਰਾਮ ਰਮੇਸ਼ ਨੇ ਰੁਜ਼ਗਾਰ ਮੇਲਿਆਂ ਨੂੰ 'ਸਭ ਤੋਂ ਵੱਡਾ ਜੁਮਲਾ' ਕਰਾਰ ਦਿੱਤਾ ਅਤੇ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਹਰ ਸਾਲ ਦੋ ਕਰੋੜ ਨੌਕਰੀ ਪੈਦਾ ਕਰਨ ਦੇ ਅਪਣੇ ਵਾਅਦੇ ਨੂੰ ਪੂਰਾ ਕਰਨ ਵਿੱਚ 'ਅਸਫ਼ਲ' ਰਹੇ ਹਨ। ਰਮੇਸ਼ ਨੇ ਸੋਸ਼ਲ ਮੀਡੀਆ ਮੰਚ 'ਐਕਸ' ਉੱਤੇ ਲਿਖਿਆ ਕਿ, 'ਹਰ ਸਾਲ ਦੋ ਕਰੋੜ ਨੌਕਰੀ ਦੇਣ ਦੇ ਅਪਣੇ ਵਾਅਦੇ ਨੂੰ ਪੂਰਾ ਕਰਨ ਵਿੱਚ ਅਸਫਲ ਰਹਿਣ ਤੋਂ ਬਾਅਦ...ਨੋਟਬੰਦੀ, ਗ਼ਲਤ ਢੰਗ ਨਾਲ ਤਿਆਰ ਜੀਐਸਟੀ ਅਤੇ ਬਿਨਾਂ ਕਿਸੇ ਤਿਆਰੀ ਦੇ ਅਚਾਨਕ ਲਾਕਡਾਊਨ ਲਗਾ ਕੇ ਐਮਐਸਐਮਈ ਖੇਤਰ ਨੂੰ ਬਰਬਾਦ ਕਰਨ ਤੋਂ ਬਾਅਦ...ਨੌ ਸਾਲ ਤੋਂ ਵੱਧ ਸਮੇਂ ਤੱਕ ਨੌਜਵਾਨਾਂ ਦੀਆਂ ਉਮੀਦਾਂ ਉੱਤੇ ਪਾਣੀ ਫੇਰਨ ਤੋਂ ਬਾਅਦ...ਪ੍ਰਧਾਨਮੰਤਰੀ ਚੋਣਾਵੀਂ ਸਾਲ ਵਿੱਚ ਮੁਸ਼ਕਲ ਸਥਿਤੀ 'ਚ ਹਨ।'