ਜੰਮੂ: ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਪੁਲਵਾਮਾ ਹਮਲੇ ਅਤੇ ਸਰਜੀਕਲ ਸਟ੍ਰਾਈਕ 'ਤੇ ਦਿਗਵਿਜੇ ਸਿੰਘ ਦੇ ਬਿਆਨ 'ਤੇ ਟਿੱਪਣੀ ਕੀਤੀ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਉਹ ਦਿਗਵਿਜੇ ਸਿੰਘ ਦੀ ਗੱਲ ਨਾਲ ਬਿਲਕੁਲ ਵੀ ਸਹਿਮਤ ਨਹੀਂ ਹਨ। ਰਾਹੁਲ ਨੇ ਕਿਹਾ ਕਿ ਮੈਨੂੰ ਆਪਣੇ ਦੇਸ਼ ਦੀ ਫੌਜ 'ਤੇ ਪੂਰਾ ਭਰੋਸਾ ਹੈ। ਦੇਸ਼ ਦੀ ਫ਼ੌਜ ਜੋ ਵੀ ਅਪਰੇਸ਼ਨ ਕਰਦੀ ਹੈ, ਉਸ ਦਾ ਸਬੂਤ ਦੇਣ ਦੀ ਲੋੜ ਨਹੀਂ ਹੁੰਦੀ।
ਇਸ ਦੇ ਨਾਲ ਹੀ ਉਨ੍ਹਾਂ ਨੇ ਪੀਐਮ ਮੋਦੀ 'ਤੇ ਬੀਬੀਸੀ ਡਾਕੂਮੈਂਟਰੀ 'ਤੇ ਵੀ ਬਿਆਨ ਦਿੱਤਾ। ਉਨ੍ਹਾਂ ਕਿਹਾ ਕਿ ਸੱਚ ਹਮੇਸ਼ਾ ਸਾਹਮਣੇ ਆਉਂਦਾ ਹੈ। ਪ੍ਰੈੱਸ 'ਤੇ ਪਾਬੰਦੀ ਲਗਾਉਣਾ ਅਤੇ ਈਡੀ ਅਤੇ ਸੀਬੀਆਈ ਵਰਗੀਆਂ ਸੰਸਥਾਵਾਂ ਨੂੰ ਲੋਕਾਂ ਵਿਰੁੱਧ ਵਰਤਣਾ ਸੱਚ ਨੂੰ ਸਾਹਮਣੇ ਆਉਣ ਤੋਂ ਨਹੀਂ ਰੋਕ ਸਕਦਾ।
ਇਸ ਦੇ ਨਾਲ ਹੀ ਦਿਗਵਿਜੇ ਸਿੰਘ ਦੇ ਬਿਆਨ 'ਤੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਵੀ ਕਿਹਾ ਕਿ ਅਸੀਂ ਪਹਿਲਾਂ ਹੀ ਸਪੱਸ਼ਟ ਕਰ ਚੁੱਕੇ ਹਾਂ ਕਿ ਪਾਰਟੀ ਫੌਜ ਦੇ ਨਾਲ ਖੜ੍ਹੀ ਹੈ। ਅਸੀਂ ਹਮੇਸ਼ਾ ਦੇਸ਼ ਲਈ ਕੰਮ ਕਰਦੇ ਆਏ ਹਾਂ ਅਤੇ ਕਰਦੇ ਰਹਾਂਗੇ। ਅਸੀਂ ਆਪਣੀ ਫੌਜ ਦਾ ਬਹੁਤ ਸਤਿਕਾਰ ਕਰਦੇ ਹਾਂ। ਜੰਮੂ 'ਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਮੈਂ ਕੱਲ੍ਹ ਸੋਮਵਾਰ ਨੂੰ ਕਸ਼ਮੀਰੀ ਪੰਡਤਾਂ ਦੇ ਵਫ਼ਦ ਨਾਲ ਮੁਲਾਕਾਤ ਕੀਤੀ। ਉਨ੍ਹਾਂ ਖਦਸ਼ਾ ਜ਼ਾਹਰ ਕੀਤਾ ਕਿ ਉਨ੍ਹਾਂ ਲੋਕਾਂ ਨੂੰ ਸਿਆਸੀ ਲਾਹਾ ਲੈਣ ਲਈ ਵਰਤਿਆ ਅਤੇ ਜ਼ਲੀਲ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਮੈਨੂੰ ਆਪਣੇ ਮੁੱਦੇ ਸੰਸਦ ਵਿੱਚ ਚੁੱਕਣ ਦੀ ਬੇਨਤੀ ਕੀਤੀ।
ਦੱਸ ਦਈਏ ਕਿ ਕਾਂਗਰਸ ਨੇਤਾ ਦਿਗਵਿਜੇ ਸਿੰਘ ਨੇ ਮੰਗਲਵਾਰ ਨੂੰ ਭਾਰਤ ਜੋੜੋ ਯਾਤਰਾ ਦੌਰਾਨ ਸਰਜੀਕਲ ਸਟ੍ਰਾਈਕ 'ਤੇ ਸਵਾਲ ਉਠਾਏ ਸਨ। ਉਨ੍ਹਾਂ ਕਿਹਾ ਸੀ ਕਿ ਪੁਲਵਾਮਾ ਵਿੱਚ ਸਾਡੇ 40 ਸੀਆਰਪੀਐਫ ਜਵਾਨ ਸ਼ਹੀਦ ਹੋਏ ਸਨ। ਸੀਆਰਪੀਐਫ ਅਧਿਕਾਰੀਆਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਸਾਰੇ ਜਵਾਨਾਂ ਨੂੰ ਏਅਰਲਿਫਟ ਕਰਨ ਦੀ ਬੇਨਤੀ ਕੀਤੀ ਸੀ, ਪਰ ਪੀਐਮ ਮੋਦੀ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ। ਅਜਿਹੀ ਗਲਤੀ ਕਿਵੇਂ ਹੋਈ? ਉਨ੍ਹਾਂ ਕਿਹਾ ਕਿ ਅੱਜ ਤੱਕ ਪੁਲਵਾਮਾ 'ਤੇ ਸੰਸਦ ਦੇ ਸਾਹਮਣੇ ਕੋਈ ਰਿਪੋਰਟ ਨਹੀਂ ਰੱਖੀ ਗਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸਰਜੀਕਲ ਸਟ੍ਰਾਈਕ ਕੀਤੀ ਗਈ ਸੀ, ਪਰ ਸਬੂਤ ਨਹੀਂ ਦਿਖਾਏ। ਇਹ ਭਾਜਪਾ ਸਿਰਫ ਝੂਠ ਫੈਲਾਉਂਦੀ ਹੈ।
ਇਹ ਵੀ ਪੜ੍ਹੋ:Misbehaving With SpiceJet Air Hostess : ਦਿੱਲੀ-ਹੈਦਰਾਬਾਦ ਸਪਾਈਸਜੈੱਟ ਦੀ ਉਡਾਣ ਵਿੱਚ ਕੈਬਿਨ ਕਰੂ ਨਾਲ ਦੁਰਵਿਵਹਾਰ ਕਰਨ ਵਾਲਾ ਗ੍ਰਿਫਤਾਰ