ਹੁਸ਼ਿਆਰਪੁਰ : ਭਾਰਤ ਜੋੜੋ ਯਾਤਰਾ ਤਹਿਤ ਰਾਹੁਲ ਗਾਂਧੀ ਇਨ੍ਹੀ ਦਿਨੀ ਪੰਜਾਬ ਵਿਚ ਹਨ ਅਤੇ ਅੱਜ ਦੀ ਓਹਨਾ ਦੀ ਯਾਤਰਾ ਹੁਸ਼ਿਆਰਪੁਰ 'ਚ ਹੈ ਜਿਥੇ ਕਾਂਗਰਸ ਨੇਤਾ ਰਾਹੁਲ ਗਾਂਧੀ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕਰਦੇ ਹੋਏ ਭਰਾ ਵਰੁਣ ਗਾਂਧੀ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਆਰਐਸਐਸ 'ਤੇ ਵੀ ਨਿਸ਼ਾਨਾ ਸਾਧਿਆ। ਉਨ੍ਹਾਂ 'ਤੇ ਹਮਲਾ ਬੋਲਦਿਆਂ ਕਿਹਾ ਕਿ ਦੇਸ਼ 'ਚ ਅਮੀਰ ਅਤੇ ਗਰੀਬ ਦਾ ਪਾੜਾ ਲਗਾਤਾਰ ਵਧਦਾ ਜਾ ਰਿਹਾ ਹੈ। ਰਾਹੁਲ ਨੇ ਕਿਹਾ ਕਿ ਦੇਸ਼ ਦੇ 1 ਫੀਸਦੀ ਲੋਕਾਂ ਕੋਲ ਦੇਸ਼ ਦੀ 40 ਫੀਸਦੀ ਦੌਲਤ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ 21 ਲੋਕਾਂ ਕੋਲ ਓਨਾ ਹੀ ਪੈਸਾ ਹੈ ਜਿੰਨਾ 70 ਕਰੋੜ ਲੋਕਾਂ ਕੋਲ ਹੈ।
ਵਰੁਣ ਗਾਂਧੀ 'ਤੇ ਪਹਿਲੀ ਵਾਰ ਦਿੱਤਾ ਬਿਆਨ:ਸਾਬਕਾ ਕਾਂਗਰਸ ਪ੍ਰਧਾਨ ਨੇ ਪਹਿਲੀ ਵਾਰ ਵਰੁਣ ਗਾਂਧੀ 'ਤੇ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਭਾਜਪਾ ਵਿੱਚ ਹਨ, ਮੇਰੀ ਵਿਚਾਰਧਾਰਾ ਉਨ੍ਹਾਂ ਨਾਲ ਮੇਲ ਨਹੀਂ ਖਾਂਦੀ। ਮੈਂ ਆਰਐਸਐਸ ਦਫ਼ਤਰ ਨਹੀਂ ਜਾ ਸਕਦਾ ਭਾਵੇਂ ਮੇਰਾ ਗਲਾ ਕੱਟਿਆ ਜਾਵੇ। ਵਰੁਣ ਨੇ ਉਸ ਵਿਚਾਰਧਾਰਾ ਨੂੰ ਅਪਣਾਇਆ। ਮੈਂ ਉਸ ਨੂੰ ਮਿਲ ਸਕਦਾ ਹਾਂ, ਜੱਫੀ ਪਾ ਸਕਦਾ ਹਾਂ ਪਰ ਉਸ ਦੀ ਵਿਚਾਰਧਾਰਾ ਨੂੰ ਅਪਣਾ ਨਹੀਂ ਸਕਦਾ।
ਇਹ ਵੀ ਪੜ੍ਹੋ :ਜ਼ੀਰਾ ਸ਼ਰਾਬ ਫੈਕਟਰੀ ਮਾਮਲਾ: ਪੰਜਾਬ ਸਰਕਾਰ ਨੇ ਸ਼ਰਾਬ ਫੈਕਟਰੀ ਬੰਦ ਕਰਨ ਦੇ ਦਿੱਤੇ ਹੁਕਮ
ਸੁਰੱਖਿਆ 'ਚ ਕੁਤਾਹੀ 'ਤੇ ਇਹ ਕਿਹਾ :ਰਾਹੁਲ ਗਾਂਧੀ ਨੇ ਪ੍ਰੈਸ ਕਾਨਫਰੰਸ ਦੌਰਾਨ ਸੁਰੱਖਿਆ 'ਚ ਕੁਤਾਹੀ ਦੇ ਮਾਮਲੇ 'ਤੇ ਬਿਆਨ ਦਿੱਤਾ। ਉਨ੍ਹਾਂ ਕਿਹਾ ਕਿ ਸੁਰੱਖਿਆ ਵਿਚ ਕਿਹੜੀ ਕਮੀ ਸੀ। ਵਿਅਕਤੀ ਮੈਨੂੰ ਜੱਫੀ ਪਾਉਣ ਲਈ ਆਇਆ ਅਤੇ ਬਹੁਤ ਖੁਸ਼ ਸੀ। ਇਸ ਨੂੰ ਸੁਰੱਖਿਆ ਵਿੱਚ ਕਮੀ ਨਹੀਂ ਕਿਹਾ ਜਾਵੇਗਾ। ਯਾਤਰਾ ਵਿਚ ਅਜਿਹਾ ਹੁੰਦਾ ਰਹਿੰਦਾ ਹੈ। ਇਸ ਦੇ ਨਾਲ ਹੀ ਕਾਂਗਰਸ ਨੇਤਾ ਨੇ ਕਿਹਾ, ਆਰਐਸਐਸ ਅਤੇ ਭਾਜਪਾ ਭਾਰਤ ਦੀਆਂ ਸਾਰੀਆਂ ਸੰਸਥਾਵਾਂ ਨੂੰ ਕੰਟਰੋਲ ਕਰ ਰਹੇ ਹਨ। ਸਾਰੀਆਂ ਸੰਸਥਾਵਾਂ ਦਾ ਦਬਾਅ ਹੈ। ਉਨ੍ਹਾਂ ਨੇ ਚੋਣ ਕਮਿਸ਼ਨ, ਅਫਸਰਸ਼ਾਹੀ, ਨਿਆਂਪਾਲਿਕਾ ਨੂੰ ਘੇਰ ਲਿਆ ਹੈ। ਇਹ ਉਹ ਹੀ ਸਿਆਸੀ ਲੜਾਈ ਨਹੀਂ ਹੈ ਜੋ ਪਹਿਲਾਂ ਹੁੰਦੀ ਸੀ। ਹੁਣ ਲੜਾਈ ਭਾਰਤ ਦੀਆਂ ਸੰਸਥਾਵਾਂ ਅਤੇ ਵਿਰੋਧੀ ਧਿਰ ਵਿਚਕਾਰ ਹੈ।
ਜ਼ਿਕਰਯੋਗ ਹੈ ਕਿ ਭਾਰਤ ਜੋੜੋ ਯਾਤਰਾ ਦੇ ਤਹਿਤ ਇਹ ਪ੍ਰੈਸ ਕਾਨਫਰੰਸ ਪਹਿਲਾਂ ਕੀਤੀ ਜਾਣੀ ਸੀ ਪਰ ਇਸ ਦੌਰਾਨ ਕਾਂਗਰਸੀ ਸੰਸਦ ਮੈਂਬਰ ਸੰਤੋਖ ਸਿੰਘ ਦੀ ਮੌਤ ਤੋਂ ਬਾਅਦ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ। ਭਾਰਤ ਜੋੜੋ ਯਾਤਰਾ ਨੂੰ 4 ਮਹੀਨੇ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਕੱਲ ਪੰਜਾਬ ਤੋਂ ਨਿਕਲ ਕੇ ਹਿਮਾਚਲ 'ਚ ਦਾਖਿਲ ਹੋਵਾਂਗੇ।