ਨਵੀਂ ਦਿੱਲੀ: ਦੇਸ਼ ਦੇ 5 ਸੂਬਿਆਂ 'ਚ ਹੋਈਆਂ ਚੋਣਾਂ 'ਚ ਮਿਲੀ ਕਰਾਰੀ ਹਾਰ ਤੋਂ ਬਾਅਦ ਐਤਵਾਰ ਸਵੇਰੇ ਕਾਂਗਰਸ ਦੇ ਸੰਸਦੀ ਰਣਨੀਤੀ ਸਮੂਹ ਦੀ ਬੈਠਕ ਹੋਈ। 10 ਜਨਪਥ ਸੋਨੀਆ ਗਾਂਧੀ ਦੀ ਰਿਹਾਇਸ਼ 'ਤੇ ਹੋਈ ਇਸ ਮੀਟਿੰਗ 'ਚ ਆਗੂਆਂ ਨੇ ਸਰਕਾਰ ਨੂੰ ਘੇਰਨ ਦੀ ਰਣਨੀਤੀ ਬਣਾਈ।
ਬੈਠਕ 'ਚ ਕਾਂਗਰਸ ਨੇਤਾ ਮਨੀਸ਼ ਤਿਵਾੜੀ, ਆਨੰਦ ਸ਼ਰਮਾ, ਕੇਸੀ ਵੇਣੂਗੋਪਾਲ, ਮੱਲਿਕਾਰਜੁਨ ਖੜਗੇ, ਮਣਿਕਮ ਟੈਗੋਰ ਅਤੇ ਜੈਰਾਮ ਰਮੇਸ਼ ਵਰਗੇ ਸੀਨੀਅਰ ਨੇਤਾਵਾਂ ਨੇ ਸ਼ਿਰਕਤ ਕੀਤੀ। ਕਰੀਬ 40 ਮਿੰਟ ਤੱਕ ਚੱਲੀ ਇਸ ਬੈਠਕ 'ਚ ਸੰਸਦ ਦੇ ਆਉਣ ਵਾਲੇ ਸੈਸ਼ਨ 'ਚ ਕਿਹੜੇ-ਕਿਹੜੇ ਮੁੱਦੇ ਉਠਾਏ ਜਾਣ ਅਤੇ ਸਰਕਾਰ ਨੂੰ ਕਿਸ ਤਰ੍ਹਾਂ ਨਾਲ ਦੇਖਿਆ ਜਾਵੇ, ਇਸ 'ਤੇ ਸਾਰੇ ਮੁੱਦਿਆਂ 'ਤੇ ਚਰਚਾ ਕੀਤੀ ਗਈ।
ਬੈਠਕ ਤੋਂ ਬਾਅਦ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸੰਸਦ ਮੈਂਬਰ ਮਲਿਕਾਰਜੁਨ ਖੜਗੇ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ, ਬੈਠਕ 'ਚ ਅਹਿਮ ਮੁੱਦਿਆਂ ਅਤੇ ਵਿਰੋਧੀ ਪਾਰਟੀਆਂ ਨਾਲ ਸਰਕਾਰ ਨੂੰ ਘੇਰਨ ਦੇ ਤਰੀਕੇ 'ਤੇ ਚਰਚਾ ਕੀਤੀ ਗਈ। ਇਨ੍ਹਾਂ ਵਿੱਚ ਯੂਕਰੇਨ ਤੋਂ ਵਿਦਿਆਰਥੀਆਂ ਦੀ ਵਾਪਸੀ, ਮਹਿੰਗਾਈ, ਬੇਰੁਜ਼ਗਾਰੀ, ਕਿਸਾਨਾਂ ਲਈ ਐਮਐਸਪੀ ਦਾ ਮੁੱਦਾ ਸ਼ਾਮਲ ਸੀ।