ਨਵੀਂ ਦਿੱਲੀ: ਮੋਦੀ ਸਰਨੇਮ ਨੂੰ ਲੈ ਕੇ ਮਾਣਹਾਨੀ ਦੇ ਇੱਕ ਮਾਮਲੇ ਵਿੱਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਸੰਸਦ ਮੈਂਬਰ ਵਜੋਂ ਅਯੋਗ ਕਰਾਰ ਦਿੱਤੇ ਗਏ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਆਪਣੀ ਸਰਕਾਰੀ ਰਿਹਾਇਸ਼ ਖਾਲੀ ਕਰ ਦਿੱਤੀ ਅਤੇ ਆਪਣਾ ਸਾਰਾ ਸਮਾਨ ਆਪਣੇ ਨਾਲ ਲੈ ਗਏ। ਜਾਣਕਾਰੀ ਅਨੁਸਾਰ ਰਾਹੁਲ ਗਾਂਧੀ ਅੱਜ ਆਪਣੀ ਰਿਹਾਇਸ਼ ਦੀਆਂ ਚਾਬੀਆਂ ਲੋਕ ਸਭਾ ਸਕੱਤਰੇਤ ਨੂੰ ਸੌਂਪ ਦੇਣਗੇ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੂੰ ਗੁਜਰਾਤ ਦੀ ਇੱਕ ਅਦਾਲਤ ਨੇ ਮੋਦੀ ਸਰਨੇਮ ਨਾਲ ਸਬੰਧਤ ਇੱਕ ਮਾਮਲੇ ਵਿੱਚ ਟਿੱਪਣੀ ਕਰਨ ਲਈ ਦੋ ਸਾਲ ਦੀ ਸਜ਼ਾ ਸੁਣਾਈ ਹੈ।
ਇਹ ਵੀ ਪੜੋ:Chardham Yatra 2023: ਚਾਰਧਾਮ ਯਾਤਰਾ ਅੱਜ ਤੋਂ ਸ਼ੁਰੂ, ਖੁੱਲ੍ਹਣਗੇ ਗੰਗੋਤਰੀ ਅਤੇ ਯਮੁਨੋਤਰੀ ਧਾਮ ਦੇ ਕਪਾਟ
ਰਾਹੁਲ ਗਾਂਧੀ ਖਾਲੀ ਕੀਤੀ ਸਰਕਾਰੀ ਰਿਹਾਇਸ਼:ਸੰਸਦ ਮੈਂਬਰ ਦੇ ਤੌਰ 'ਤੇ ਅਯੋਗ ਕਰਾਰ ਦਿੱਤੇ ਜਾਣ ਤੋਂ ਬਾਅਦ ਰਾਹੁਲ ਗਾਂਧੀ ਨੂੰ 22 ਅਪ੍ਰੈਲ ਤੱਕ ਸਰਕਾਰੀ ਰਿਹਾਇਸ਼ ਖਾਲੀ ਕਰਨ ਲਈ ਕਿਹਾ ਗਿਆ ਸੀ। ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਨੇ 14 ਅਪ੍ਰੈਲ ਨੂੰ ਆਪਣਾ ਦਫਤਰ ਅਤੇ ਕੁਝ ਨਿੱਜੀ ਸਮਾਨ ਬੰਗਲੇ ਤੋਂ ਸ਼ਿਫਟ ਕਰ ਲਿਆ ਸੀ। ਸੂਤਰਾਂ ਦੀ ਮੰਨੀਏ ਤਾਂ ਗਾਂਧੀ ਨੇ ਸ਼ੁੱਕਰਵਾਰ ਸ਼ਾਮ ਨੂੰ ਉਸ ਬੰਗਲੇ ਤੋਂ ਆਪਣਾ ਬਚਿਆ ਹੋਇਆ ਸਮਾਨ ਹਟਾ ਲਿਆ। ਇਹ ਬੰਗਲਾ ਉਨ੍ਹਾਂ ਨੂੰ ਸੰਸਦ ਮੈਂਬਰ ਵਜੋਂ ਅਲਾਟ ਕੀਤਾ ਗਿਆ ਸੀ। ਉਨ੍ਹਾਂ ਦੇ ਸਮਾਨ ਨਾਲ ਭਰਿਆ ਇੱਕ ਟਰੱਕ ਵੀ ਜਾਂਦਾ ਦੇਖਿਆ ਗਿਆ।
2004 ਤੋਂ ਇਥੇ ਰਹਿ ਰਹੇ ਸਨ ਰਾਹੁਲ ਗਾਂਧੀ:ਜਾਣਕਾਰੀ ਲਈ ਦੱਸ ਦੇਈਏ ਕਿ ਉਹ ਕਰੀਬ ਦੋ ਦਹਾਕਿਆਂ ਤੋਂ ਯਾਨੀ 2004 ਤੋਂ ਇਸ ਬੰਗਲੇ ਵਿੱਚ ਰਹਿ ਰਹੇ ਸਨ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਆਪਣਾ ਦਫਤਰ ਬਦਲਣ ਤੋਂ ਬਾਅਦ ਉਹ ਆਪਣੀ ਮਾਂ ਅਤੇ ਕਾਂਗਰਸ ਸੰਸਦੀ ਦਲ ਦੀ ਪ੍ਰਧਾਨ ਸੋਨੀਆ ਗਾਂਧੀ ਨਾਲ ਆਪਣੀ 10 ਜਨਪਥ ਸਥਿਤ ਰਿਹਾਇਸ਼ 'ਤੇ ਰਹਿਣ ਲੱਗ ਪਏ ਹਨ।
ਕੋਰਟ ਨੇ ਸੁਣਾਈ ਹੈ ਦੋ ਸਾਲ ਦੀ ਸਜ਼ਾ:ਜ਼ਿਕਰਯੋਗ ਹੈ ਕਿ 23 ਮਾਰਚ ਨੂੰ ਸੂਰਤ ਦੀ ਇੱਕ ਅਦਾਲਤ ਨੇ ਗਾਂਧੀ ਨੂੰ ਮਾਣਹਾਨੀ ਦਾ ਦੋਸ਼ੀ ਠਹਿਰਾਉਂਦਿਆਂ ਦੋ ਸਾਲ ਦੀ ਸਜ਼ਾ ਸੁਣਾਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਸੰਸਦ ਮੈਂਬਰ ਵਜੋਂ ਅਯੋਗ ਕਰਾਰ ਦਿੱਤਾ ਗਿਆ ਸੀ। ਉਸ ਨੇ ਸੂਰਤ ਸੈਸ਼ਨ ਅਦਾਲਤ ਵਿਚ ਮੈਜਿਸਟ੍ਰੇਟ ਅਦਾਲਤ ਦੇ ਹੁਕਮ ਨੂੰ ਚੁਣੌਤੀ ਦਿੱਤੀ, ਜਿਸ ਨੇ ਸਜ਼ਾ ਨੂੰ ਟਾਲਣ ਦੀ ਉਸ ਦੀ ਅਪੀਲ ਨੂੰ ਰੱਦ ਕਰ ਦਿੱਤਾ। ਪਾਰਟੀ ਨੇ ਕਿਹਾ ਹੈ ਕਿ ਸੈਸ਼ਨ ਕੋਰਟ ਦੇ ਹੁਕਮਾਂ ਨੂੰ ਅਗਲੇ ਹਫ਼ਤੇ ਗੁਜਰਾਤ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਜਾਵੇਗੀ। ਲੋਕ ਸਭਾ ਸਕੱਤਰੇਤ ਨੇ ਰਾਹੁਲ ਗਾਂਧੀ ਨੂੰ ਅਯੋਗ ਕਰਾਰ ਦਿੱਤੇ ਜਾਣ ਤੋਂ ਅਗਲੇ ਦਿਨ ਨੋਟਿਸ ਭੇਜ ਕੇ 22 ਅਪ੍ਰੈਲ ਤੱਕ ਬੰਗਲਾ ਖਾਲੀ ਕਰਨ ਲਈ ਕਿਹਾ ਹੈ।
ਸੂਤਰਾਂ ਨੇ ਦੱਸਿਆ ਕਿ ਰਾਹੁਲ ਗਾਂਧੀ ਆਪਣਾ ਸੁਤੰਤਰ ਦਫ਼ਤਰ ਬਣਾਉਣ ਲਈ ਜਗ੍ਹਾ ਲੱਭ ਰਹੇ ਹਨ। ਕੁਝ ਸਾਲ ਪਹਿਲਾਂ, ਪ੍ਰਿਯੰਕਾ ਗਾਂਧੀ ਵਾਡਰਾ ਨੂੰ ਵੀ ਐਸਪੀਜੀ ਸੁਰੱਖਿਆ ਕਵਰ ਹਟਾਏ ਜਾਣ ਤੋਂ ਬਾਅਦ ਲੋਧੀ ਅਸਟੇਟ ਵਿੱਚ ਆਪਣਾ ਬੰਗਲਾ ਖਾਲੀ ਕਰਨ ਲਈ ਕਿਹਾ ਗਿਆ ਸੀ। ਰਾਹੁਲ ਗਾਂਧੀ ਪਹਿਲੀ ਵਾਰ 2004 ਵਿੱਚ ਉੱਤਰ ਪ੍ਰਦੇਸ਼ ਦੇ ਅਮੇਠੀ ਤੋਂ ਸੰਸਦ ਮੈਂਬਰ ਚੁਣੇ ਗਏ ਸਨ ਅਤੇ 2019 ਵਿੱਚ ਉਨ੍ਹਾਂ ਨੇ ਵਾਇਨਾਡ ਤੋਂ ਲੋਕ ਸਭਾ ਚੋਣਾਂ ਜਿੱਤੀਆਂ ਸਨ।
ਇਹ ਵੀ ਪੜੋ:Beer rate in Punjab: ਪੰਜਾਬ 'ਚ ਬੀਅਰ ਦੇ ਰੇਟ ਤੈਅ, ਜਾਣੋ, ਸਰਕਾਰ ਦੇ ਫ਼ੈਸਲੇ 'ਤੇ ਸ਼ਰਾਬ ਦੇ ਠੇਕੇਦਾਰਾਂ ਨੂੰ ਕਿਉਂ ਇਤਰਾਜ਼