ਨਵੀਂ ਦਿੱਲੀ : ਕਾਂਗਰਸ ਨੇਤਾ ਰਾਹੁਲ ਗਾਂਧੀ ਇਨ੍ਹੀਂ ਦਿਨੀਂ ਨੇਪਾਲ ਦੇ ਨਿੱਜੀ ਦੌਰੇ 'ਤੇ ਹਨ। ਇਸ ਨਾਲ ਜੁੜਿਆ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿੱਚ ਕਾਂਗਰਸ ਦੇ ਸਾਬਕਾ ਪ੍ਰਧਾਨ ਕਾਠਮੰਡੂ ਦੇ ਇੱਕ ਪੱਬ ਵਿੱਚ ਨਜ਼ਰ ਆ ਰਹੇ ਹਨ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਕਾਂਗਰਸ ਅਤੇ ਰਾਹੁਲ ਗਾਂਧੀ, ਭਾਜਪਾ ਦੇ ਨਿਸ਼ਾਨੇ ਉੱਤੇ ਬਣ ਗਏ ਹਨ।
ਭਾਜਪਾ ਨੇਤਾ ਨੇ ਟਵੀਟ ਕਰ ਕੱਸਿਆ ਤੰਜ਼ : ਭਾਰਤੀ ਜਨਤਾ ਪਾਰਟੀ ਦੇ ਨੇਤਾ ਕਪਿਲ ਮਿਸ਼ਰਾ ਨੇ ਟਵਿਟਰ 'ਤੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਰਾਹੁਲ ਗਾਂਧੀ ਨੂੰ ਘੇਰਿਆ ਹੈ। ਰਾਹੁਲ 'ਤੇ ਚੁਟਕੀ ਲੈਂਦਿਆਂ ਉਨ੍ਹਾਂ ਟਵੀਟ ਕੀਤਾ ਕਿ "ਇਹ ਰਾਹੁਲ ਗਾਂਧੀ ਦੀ ਨਿੱਜੀ ਜ਼ਿੰਦਗੀ ਦਾ ਮਾਮਲਾ ਨਹੀਂ ਹੈ। ਰਾਹੁਲ ਗਾਂਧੀ ਕਿਸਦੇ ਨਾਲ ਹਨ? ਕੀ ਚੀਨ ਤੋਂ ਏਜੰਟ ਹਨ? ਕੀ ਰਾਹੁਲ ਗਾਂਧੀ ਨੇ ਫੌਜ ਖਿਲਾਫ ਜੋ ਟਵੀਟ ਕੀਤਾ ਉਹ ਚੀਨ ਦੇ ਦਬਾਅ ਹੇਠ ਹੈ? ਸਵਾਲ ਪੁੱਛੇ ਜਾਣਗੇ? ਸਵਾਲ ਰਾਹੁਲ ਗਾਂਧੀ ਦਾ ਨਹੀਂ, ਦੇਸ਼ ਦਾ ਹੈ।"
ਭਾਜਪਾ ਦੇ ਬੁਲਾਰੇ ਨੇ ਵੀ ਲਈ ਚੁਟਕੀ : ਇਸ ਦੇ ਨਾਲ ਹੀ, ਭਾਜਪਾ ਦੇ ਬੁਲਾਰੇ ਸ਼ਹਿਜ਼ਾਦ ਪੂਨਾਵਾਲਾ ਨੇ ਵੀ ਰਾਹੁਲ ਗਾਂਧੀ ਨੂੰ ਘੇਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ। ਉਨ੍ਹਾਂ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਰਾਹੁਲ ਗਾਂਧੀ ਜੋ ਕੁਝ ਕਰ ਰਹੇ ਹਨ, ਉਹ ਉਨ੍ਹਾਂ ਦਾ ਨਿੱਜੀ ਮਾਮਲਾ ਹੈ, ਪਰ ਜਦੋਂ ਰਾਜਸਥਾਨ ਦੇ ਜੋਧਪੁਰ 'ਚ ਹਿੰਸਾ ਹੋ ਰਹੀ ਹੈ, ਰਾਜਸਥਾਨ 'ਚ ਕਾਂਗਰਸ ਦੀ ਸਰਕਾਰ ਹੈ ਤਾਂ ਰਾਜਸਥਾਨ ਸੜ ਰਿਹਾ ਹੈ। ਇਸ 'ਤੇ ਚਿੰਤਾ ਜ਼ਾਹਰ ਕਰਨ ਦੀ ਬਜਾਏ ਰਾਹੁਲ ਗਾਂਧੀ ਨੇਪਾਲ ਦੇ ਇਕ ਨਾਈਟ ਕਲੱਬ 'ਚ ਪਾਰਟੀ ਕਰਦੇ ਨਜ਼ਰ ਆ ਰਹੇ ਹਨ। ਜਦਕਿ ਉਨ੍ਹਾਂ ਨੂੰ ਭਾਰਤ ਦੇ ਲੋਕਾਂ ਦੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਉਣ ਲਈ ਉਨ੍ਹਾਂ ਦੇ ਨਾਲ ਹੋਣਾ ਚਾਹੀਦਾ ਹੈ। ਪੂਨਾਵਾਲਾ ਨੇ ਅੱਗੇ ਕਿਹਾ, ਕਾਂਗਰਸ ਪਾਰਟੀ ਖ਼ਤਮ ਹੋ ਗਈ ਹੈ, ਪਰ ਰਾਹੁਲ ਗਾਂਧੀ ਦੀ ਪਾਰਟੀ ਇਸ ਤਰ੍ਹਾਂ ਚੱਲੇਗੀ। ਉਹ ਰਾਜਨੀਤੀ ਵਿੱਚ ਗੰਭੀਰ ਨਹੀਂ ਹੈ। ਜਦੋਂ ਉਨ੍ਹਾਂ ਦੀ ਪਾਰਟੀ ਅਤੇ ਦੇਸ਼ ਦੇ ਲੋਕਾਂ ਨੂੰ ਉਨ੍ਹਾਂ ਦੀ ਲੋੜ ਹੈ ਤਾਂ ਉਹ ਨੇਪਾਲ ਵਿੱਚ ਪਾਰਟੀ ਕਰ ਰਹੇ ਹਨ।