ਨਵੀਂ ਦਿੱਲੀ: ਗੁਲਾਮ ਨਬੀ ਆਜ਼ਾਦ ਨੇ ਕਾਂਗਰਸ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਸਮੇਤ ਸਾਰੇ ਅਹੁਦਿਆਂ ਤੋਂ ਅਸਤੀਫਾ (Congress leader Ghulam Nabi Azad resigns) ਦੇ ਦਿੱਤਾ ਹੈ। ਆਜ਼ਾਦ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ (Sonia Gandhi) ਨੂੰ ਪੰਜ ਪੰਨਿਆਂ ਦਾ ਅਸਤੀਫਾ ਪੱਤਰ ਭੇਜਿਆ ਹੈ। ਜਾਣਕਾਰੀ ਮੁਤਾਬਕ ਆਜ਼ਾਦ ਨੇ ਕਾਂਗਰਸ ਆਗੂ ਰਾਹੁਲ ਗਾਂਧੀ 'ਤੇ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਕਿ ਸੀਨੀਅਰ ਆਗੂਆਂ ਨੂੰ ਲਗਾਤਾਰ ਪਾਸੇ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਸੋਨੀਆ ਗਾਂਧੀ ਨੂੰ ਭੇਜੇ ਆਪਣੇ ਅਸਤੀਫ਼ੇ ਦੇ ਪੱਤਰ ਵਿੱਚ ਲਿਖਿਆ ਹੈ ਕਿ ਬਹੁਤ ਹੀ ਅਫ਼ਸੋਸ ਅਤੇ ਬਹੁਤ ਭਾਵੁਕ ਹਿਰਦੇ ਨਾਲ ਮੈਂ ਇੰਡੀਅਨ ਨੈਸ਼ਨਲ ਕਾਂਗਰਸ ਨਾਲ ਆਪਣੇ ਅੱਧੀ ਸਦੀ ਪੁਰਾਣੇ ਸਬੰਧਾਂ ਨੂੰ ਤੋੜਨ ਦਾ ਫੈਸਲਾ ਕੀਤਾ ਹੈ। ਆਜ਼ਾਦ ਨੇ ਕਿਹਾ ਕਿ ਭਾਰਤ ਜੋੜੋ ਯਾਤਰਾ ਦੀ ਬਜਾਏ ਕਾਂਗਰਸ ਜੋੜੋ ਯਾਤਰਾ ਕੱਢੀ ਜਾਵੇ।
ਦੱਸ ਦੇਈਏ ਕਿ ਗੁਲਾਮ ਨਬੀ ਆਜ਼ਾਦ ਨੂੰ ਕਾਂਗਰਸ ਦਾ ਵੱਡਾ ਚਿਹਰਾ ਮੰਨਿਆ ਜਾਂਦਾ ਹੈ। ਪਿਛਲੇ ਸਮੇਂ ਵਿੱਚ ਉਹ ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਹਿ ਚੁੱਕੇ ਹਨ। ਗੁਲਾਮ ਨਬੀ ਆਜ਼ਾਦ ਲੰਬੇ ਸਮੇਂ ਤੋਂ ਕਾਂਗਰਸ ਤੋਂ ਨਾਰਾਜ਼ ਸਨ। ਉਹ ਨਾਰਾਜ਼ ਕਾਂਗਰਸੀ ਆਗੂਆਂ ਦੇ ਜੀ 23 ਧੜੇ ਵਿੱਚ ਵੀ ਸ਼ਾਮਲ ਸੀ। ਜੀ 23 ਧੜਾ ਲਗਾਤਾਰ ਕਾਂਗਰਸ 'ਚ ਕਈ ਬਦਲਾਅ ਦੀ ਮੰਗ ਕਰ ਰਿਹਾ ਹੈ। ਇਸ ਤੋਂ ਪਹਿਲਾਂ ਕਾਂਗਰਸ ਦੇ ਇਕ ਹੋਰ ਸੀਨੀਅਰ ਨੇਤਾ ਕਪਿਲ ਸਿੱਬਲ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਸੀ। ਉਨ੍ਹਾਂ ਨੂੰ ਸਪਾ ਵੱਲੋਂ ਰਾਜ ਸਭਾ ਵੀ ਭੇਜਿਆ ਗਿਆ ਹੈ।
ਗੁਲਾਮ ਨਬੀ ਆਜ਼ਾਦ ਦੀ ਨਾਰਾਜ਼ਗੀ ਉਸ ਸਮੇਂ ਸਾਹਮਣੇ ਆਈ ਜਦੋਂ ਉਨ੍ਹਾਂ ਨੇ ਪ੍ਰਚਾਰ ਕਮੇਟੀ ਦਾ ਚੇਅਰਮੈਨ ਬਣਾਏ ਜਾਣ ਤੋਂ ਕੁਝ ਘੰਟੇ ਬਾਅਦ ਹੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਉਦੋਂ ਤੋਂ ਹੀ ਸਿਆਸੀ ਹਲਕਿਆਂ ਵਿੱਚ ਉਨ੍ਹਾਂ ਨੂੰ ਲੈ ਕੇ ਸਾਰੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਸਨ।
ਉਨ੍ਹਾਂ ਵੱਲੋਂ ਕੁੱਝ ਗੱਲਾਂ ਆਪਣੇ 5 ਪੇਜਾਂ ਦੇ ਅਸਤੀਫ਼ੇ ਰਾਹੀ ਕਹੀਆਂ ਗਈ ਹਨ
1- ਗੁਲਾਮ ਨਬੀ ਆਜ਼ਾਦ ਨੇ ਆਪਣੀ ਚਿੱਠੀ 'ਚ ਰਾਹੁਲ ਗਾਂਧੀ ਨਾਲ ਨਾਰਾਜ਼ਗੀ ਜਤਾਈ ਹੈ। ਉਨ੍ਹਾਂ ਲਿਖਿਆ ਕਿ ਰਾਹੁਲ ਆਪਣੇ ਆਲੇ-ਦੁਆਲੇ ਭੋਲੇ ਭਾਲੇ ਲੋਕਾਂ ਨੂੰ ਰੱਖਦੇ ਹਨ ਅਤੇ ਸੀਨੀਅਰ ਨੇਤਾਵਾਂ ਨੂੰ ਪਾਸੇ ਕਰਦੇ ਹਨ। ਰਾਹੁਲ ਗਾਂਧੀ 'ਤੇ ਪਹਿਲਾਂ ਵੀ ਪਾਰਟ ਟਾਈਮ ਸਿਆਸਤਦਾਨ ਹੋਣ ਦੇ ਦੋਸ਼ ਲੱਗ ਚੁੱਕੇ ਹਨ। ਇਸ ਤੋਂ ਪਹਿਲਾਂ ਵੀ ਹਾਰਦਿਕ ਪਟੇਲ ਅਤੇ ਹਿਮੰਤ ਬਿਸਵਾ ਸਰਮਾ ਨੇ ਉਨ੍ਹਾਂ 'ਤੇ ਸਮਾਂ ਨਾ ਦੇਣ ਦਾ ਦੋਸ਼ ਲਗਾਇਆ ਸੀ।