ਚੰਡੀਗੜ੍ਹ: ਜੰਮੂ-ਕਸ਼ਮੀਰ ਦੇ ਅਨੰਤਨਾਗ ‘ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਹੋਏ ਮੁਕਾਬਲੇ ‘ਚ 3 ਅਧਿਕਾਰੀ ਅਤੇ 2 ਜਵਾਨ ਸ਼ਹੀਦ ਹੋ ਗਏ ਸਨ। ਫੌਜ ਦਾ ਇੱਕ ਕਰਨਲ, ਇੱਕ ਮੇਜਰ, ਇੱਕ ਪੁਲਿਸ ਡੀਐਸਪੀ ਅਤੇ ਇੱਕ ਸਿਪਾਹੀ ਸ਼ਹੀਦ ਹੋਏ ਸਨ। ਜਿੰਨ੍ਹਾਂ 'ਚ ਪੰਜਾਬ ਦੇ ਜ਼ਿਲ੍ਹਾ ਮੋਹਾਲੀ ਦੇ ਪਿੰਡ ਭੜੌਜੀਆਂ, ਨਿਊ ਚੰਡੀਗੜ੍ਹ ਦੇ ਕਰਨਲ ਮਨਪ੍ਰੀਤ ਸਿੰਘ ਨੇ ਵੀ ਦੇਸ਼ ਸੇਵਾ ਤੋਂ ਆਪਣੀ ਜਾਨ ਕੁਰਬਾਨ ਕਰ ਦਿੱਤੀ। ਜਿੰਨ੍ਹਾਂ ਦੀ ਮ੍ਰਿਤਕ ਦੇਹ ਅੱਜ ਉਨ੍ਹਾਂ ਦੇ ਜੱਦੀ ਪਿੰਡ ਲਿਆਂਦੀ ਜਾ ਸਕਦੀ ਹੈ, ਜਿੱਥੇ ਬਾਅਦ ਦੁਪਹਿਰ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ।
ਅੱਜ ਸ਼ਾਮ ਤੱਕ ਮ੍ਰਿਤਕ ਦੇਹ ਪਹੁੰਚ ਸਕਦੀ ਘਰ:ਭਾਰਤੀ ਫੌਜ ਵੱਲੋਂ ਪਰਿਵਾਰ ਨੂੰ ਕਰਨਲ ਮਨਪ੍ਰੀਤ ਸਿੰਘ ਦੀ ਸ਼ਹਾਦਤ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ। ਸ਼ਹੀਦ ਮਨਪ੍ਰੀਤ ਸਿੰਘ ਦੀ ਮ੍ਰਿਤਕ ਦੇਹ ਅੱਜ ਸ਼ਾਮ 4 ਵਜੇ ਤੱਕ ਉਨ੍ਹਾਂ ਦੇ ਜੱਦੀ ਪਿੰਡ ਪਹੁੰਚ ਸਕਦੀ ਹੈ। ਜੇਕਰ ਇਸ ਵਿੱਚ ਕੋਈ ਦੇਰੀ ਹੋਈ ਤਾਂ ਭਲਕੇ ਸ਼ੁੱਕਰਵਾਰ ਨੂੰ ਸ਼ਹੀਦ ਦਾ ਅੰਤਿਮ ਸਸਕਾਰ ਕੀਤਾ ਜਾ ਸਕਦਾ ਹੈ।
ਪਿਤਾ ਵੀ ਫੌਜ 'ਚ ਕਰ ਚੁੱਕੇ ਸੀ ਸੇਵਾ: ਦੱਸਿਆ ਜਾ ਰਿਹਾ ਕਿ ਮੁਕਾਬਲੇ ‘ਚ ਸ਼ਹੀਦ ਕਰਨਲ ਮਨਪ੍ਰੀਤ ਸਿੰਘ ਦੇ ਪਿਤਾ ਲਖਬੀਰ ਸਿੰਘ ਵੀ ਫੌਜ ਵਿੱਚ ਸਿਪਾਹੀ ਸਨ। ਸ਼ਹੀਦ ਦਾ ਸਹੁਰਾ ਘਰ ਸੈਕਟਰ 26 ਪੰਚਕੂਲਾ ਵਿੱਚ ਹੈ ਅਤੇ ਉਨ੍ਹਾਂ ਦੀ ਪਤਨੀ ਜਗਮੀਤ ਕੌਰ ਮੋਰਨੀ ਵਿੱਚ ਅਧਿਆਪਕ ਹਨ ਅਤੇ ਪੰਚਕੂਲਾ ਵਿੱਚ ਆਪਣੇ ਮਾਪਿਆਂ ਨਾਲ ਰਹਿੰਦੀ ਹੈ। ਸ਼ਹੀਦ ਕਰਨਲ ਮਨਪ੍ਰੀਤ ਸਿੰਘ ਦੇ ਮਾਤਾ ਮਨਜੀਤ ਕੌਰ ਜਿਨ੍ਹਾਂ ਦੀ ਉਮਰ ਕਰੀਬ 65 ਸਾਲ ਦੱਸੀ ਜਾ ਰਹੀ ਹੈ ਆਪਣੇ ਦੂਜੇ ਲੜਕੇ ਸੰਦੀਪ ਸਿੰਘ ਅਤੇ ਬਾਕੀ ਪਰਿਵਾਰ ਦੇ ਨਾਲ ਪਿੰਡ ਭੜੌਜੀਆਂ ਵਿਚ ਹੀ ਰਹਿ ਰਹੀ ਹੈ। ਸ਼ਹੀਦ ਕਰਨਲ ਦੇ ਪਰਿਵਾਰ ਵਿੱਚ ਉਨ੍ਹਾਂ ਦੀ ਪਤਨੀ ਤੇ ਦੋ ਬੱਚਿਆਂ ਸਣੇ ਭਰਾ ਅਤੇ ਭੈਣ ਹੈ। ਉਹ ਆਪਣੇ ਪਿੱਛੇ 7 ਸਾਲ ਦਾ ਬੇਟਾ ਕਬੀਰ ਸਿੰਘ ਅਤੇ ਢਾਈ ਸਾਲ ਦੀ ਬੇਟੀ ਬਾਣੀ ਸਮੇਤ ਪਰਿਵਾਰ ਛੱਡ ਗਏ ਹਨ।
ਲੈਫਟੀਨੈਂਟ ਦੇ ਅਹੁਦੇ ‘ਤੇ 2003 ‘ਚ ਹੋਏ ਸੀ ਭਰਤੀ: ਸ਼ਹੀਦ ਕਰਨਲ ਮਨਪ੍ਰੀਤ ਸਿੰਘ 2003 ਵਿੱਚ ਲੈਫਟੀਨੈਂਟ ਵਜੋਂ ਭਾਰਤੀ ਫੌਜ 'ਚ ਭਰਤੀ ਹੋਏ ਸਨ। ਸਾਲ 2005 ਵਿੱਚ ਉਨ੍ਹਾਂ ਨੂੰ ਮੇਜਰ ਵਜੋਂ ਤਰੱਕੀ ਦਿੱਤੀ ਗਈ। ਇਸ ਦੌਰਾਨ ਫੌਜ ਵਿੱਚ 17 ਸਾਲ ਪੂਰੇ ਕਰ ਚੁੱਕੇ ਕਰਨਲ ਮਨਪ੍ਰੀਤ ਸਿੰਘ ਨੂੰ ਬਹਾਦਰੀ ਫੌਜ ਮੈਡਲ ਮਿਲ ਚੁੱਕਿਆ ਸੀ। ਦੱਸ ਦਈਏ ਕਿ ਕਰਨਲ ਮਨਪ੍ਰੀਤ ਸਿੰਘ ਨੂੰ ਕੁਝ ਸਮਾਂ ਪਹਿਲਾਂ ਲੈਫਟੀਨੈਂਟ ਕਰਨਲ ਤੋਂ ਕਰਨਲ ਵਜੋਂ ਤਰੱਕੀ ਦਿੱਤੀ ਗਈ ਸੀ।
ਪਿਤਾ ਤੇ ਭਰਾ ਪੰਜਾਬ ਯੂਨੀਵਰਸਿਟੀ 'ਚ ਨੌਕਰੀ:ਸੇਵਾਮੁਕਤੀ ਤੋਂ ਬਾਅਦ ਸ਼ਹੀਦ ਕਰਨਲ ਮਨਪ੍ਰੀਤ ਸਿੰਘ ਦੇ ਪਿਤਾ ਨੇ ਪੰਜਾਬ ਯੂਨੀਵਰਸਿਟੀ ਵਿੱਚ ਸੁਰੱਖਿਆ ਗਾਰਡ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ। ਨੌਕਰੀ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਇਸ ਲਈ ਸ਼ਹੀਦ ਮਨਪ੍ਰੀਤ ਸਿੰਘ ਦੇ ਛੋਟੇ ਭਰਾ ਸੰਦੀਪ ਸਿੰਘ ਨੂੰ ਨਾਨ-ਟੀਚਿੰਗ ਸਟਾਫ਼ ਵਿੱਚ ਭਰਤੀ ਕੀਤਾ ਗਿਆ। ਫਿਲਹਾਲ ਉਹ ਪੰਜਾਬ ਯੂਨੀਵਰਸਿਟੀ ਵਿੱਚ ਹੀ ਕੰਮ ਕਰਦਾ ਹੈ। ਉਧਰ ਜਿਵੇਂ ਹੀ ਕਰਨਲ ਮਨਪ੍ਰੀਤ ਸਿੰਘ ਦੇ ਸ਼ਹੀਦ ਹੋਣ ਦੀ ਖ਼ਬਰ ਪਿੰਡ ਪੁੱਜੀ ਤਾਂ ਪਿੰਡ ਵਾਸੀ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਘਰ ਪਹੁੰਚਣਾ ਸ਼ੁਰੂ ਹੋ ਗਏ।
ਦੇ ਅੱਤਵਾਦੀ ਹੋਣ ਦੀ ਸੂਚਨਾ ‘ਤੇ ਘੇਰਾਬੰਦੀ:ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਸਥਾਨਕ ਪੁਲਿਸ ਅਤੇ ਫੌਜ ਨੂੰ ਕਸ਼ਮੀਰ ਦੇ ਜ਼ਿਲ੍ਹਾ ਅਨੰਤਨਾਗ ਦੇ ਕੋਕਰਨਾਗ ਇਲਾਕੇ ‘ਚ ਅੱਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਮਿਲੀ ਸੀ। ਇਸ ਨੂੰ ਜੰਮੂ-ਕਸ਼ਮੀਰ ਪੁਲਿਸ ਅਤੇ ਫੌਜ ਦੇ ਸਾਂਝੇ ਆਪਰੇਸ਼ਨ ਨਾਲ ਘੇਰ ਲਿਆ ਗਿਆ ਸੀ। ਉੱਥੇ ਪਹਿਲਾਂ ਤੋਂ ਲੁਕੇ ਹੋਏ ਅੱਤਵਾਦੀਆਂ ਨੇ ਸੁਰੱਖਿਆ ਬਲਾਂ ‘ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਕਰਨਲ ਮਨਪ੍ਰੀਤ ਸਿੰਘ, ਮੇਜਰ ਆਸ਼ੀਸ਼ ਅਤੇ ਜੰਮੂ-ਕਸ਼ਮੀਰ ਪੁਲਿਸ ਦੇ ਡੀਐਸਪੀ ਹੁਮਾਯੂੰ ਬੱਟ ਨੂੰ ਗੋਲੀ ਲੱਗੀ। ਇਸ ਗੋਲੀ ਨਾਲ ਤਿੰਨੋਂ ਗੰਭੀਰ ਜ਼ਖ਼ਮੀ ਹੋ ਗਏ ਅਤੇ ਸਰੀਰ ਵਿੱਚੋਂ ਖ਼ੂਨ ਜ਼ਿਆਦਾ ਵਹਿ ਜਾਣ ਕਾਰਨ ਤਿੰਨਾਂ ਦੀ ਮੌਤ ਹੋ ਗਈ।