ਚੰਡੀਗੜ੍ਹ: ਕੋਲੇ ਦੀ ਘਾਟ ਕਾਰਨ ਦੇਸ਼ ’ਚ ਬਿਜਲੀ ਸੰਕਟ (Power crisis) ਪੈਦਾ ਹੋ ਗਿਆ ਹੈ। ਦੇਸ਼ ਵਿੱਚ ਕੋਲਾ ਘੱਟ ਹੋਣ ਕਾਰਨ ਸ਼ਹਿਰਾਂ ਤੇ ਪਿੰਡਾਂ ਵਿੱਚ ਬਿਜਲੀ ਦੇ ਲੰਬੇ-ਲੰਬੇ ਕੱਟ ਲਗਾਏ ਜਾ ਰਹੇ ਹਨ। ਉਥੇ ਹੀ ਕਾਂਗਰਸ ਨੇ ਆਪਣੀ ਪੇਜ਼ 'ਤੇ ਇੱਕ ਟਵਿੱਟ ਕਰਕੇ ਕਿਹਾ ਹੈ ਕਿ ਕੋਲੇ ਦੀ ਘਾਟ ਕਾਰਨ ਦੇਸ਼ ਬਿਜਲੀ ਸੰਕਟ ਦੀ ਕਗਾਰ 'ਤੇ ਖੜ੍ਹਾ ਹੈ। ਬਹੁਤੇ ਪਾਵਰ ਪਲਾਂਟ (Power plants) ਕੋਲੇ ਦੇ ਭੰਡਾਰ ਦੀ ਘਾਟ ਦਾ ਸਾਹਮਣਾ ਕਰ ਰਹੇ ਹਨ। ਨਿਯਮਾਂ ਦੇ ਅਨੁਸਾਰ, ਸਾਰੇ ਪਾਵਰ ਪਲਾਂਟਾਂ ਨੂੰ ਘੱਟੋ ਘੱਟ 20 ਦਿਨਾਂ ਲਈ ਕੋਲਾ ਭੰਡਾਰ ਰੱਖਣਾ ਪੈਂਦਾ ਹੈ, ਪਰ ਹੁਣ ਸਾਰੇ ਪਾਵਰ ਪਲਾਂਟਾਂ (Power plants) ਦੇ ਕੋਲ ਕੋਲਾ ਭੰਡਾਰ ਸਿਰਫ ਕੁਝ ਦਿਨਾਂ ਤੱਕ ਹੀ ਰਹਿ ਗਿਆ ਹੈ।
ਪੰਜਾਬ 'ਚ ਬਿਜਲੀ ਸੰਕਟ
ਪੰਜਾਬ ਪਹਿਲਾਂ ਹੀ ਬਿਜਲੀ ਸੰਕਟ (Power crisis) ਨਾਲ ਬੀਤੇ ਕੁਝ ਦਿਨਾਂ ਤੋਂ ਜੂਝਦਾ ਹੋਇਆ ਵਿਖਾਈ ਦੇ ਰਿਹਾ ਹੈ। ਪੰਜਾਬ ਭਰ ਵਿਚ ਬੀਤੇ ਦਿਨੀਂ ਲਗਪਗ 13 ਇੱਕ ਹਜਾਰ ਮੈਗਾਵਾਟ ਬਿਜਲੀ ਦੀ ਲੋੜ ਸੀ, ਜਿਸ ਕਰਕੇ ਨਾਭਾ ਅਤੇ ਤਲਵੰਡੀ ਸਾਬੋ ਵਿੱਚ ਪਾਵਰ ਪਲਾਟਾਂ (Power plants) ਨੂੰ ਪੂਰੀ ਸਮਰੱਥਾ ਨਾਲ ਚਲਾਇਆ ਜਾ ਰਿਹਾ ਸੀ, ਪਰ ਇਨ੍ਹਾਂ ਪਾਵਰ ਪਲਾਂਟਾਂ ਨੂੰ ਚਲਾਉਣ ਲਈ ਕੋਲੇ ਦੀ ਬੇਹੱਦ ਲੋੜ ਪੈਂਦੀ ਹੈ। ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਰੋਪੜ, ਲਹਿਰਾ ਮੁਹੱਬਤ, ਗੋਇੰਦਵਾਲ ਸਾਹਿਬ, ਇਨ੍ਹਾਂ ਵਿੱਚੋਂ ਵੀ ਕਈ ਪਲਾਟਾਂ ਦੇ ਯੂਨਿਟ ਬੰਦ ਨੇ ਜਿਨ੍ਹਾਂ ਵਿਚ ਕੋਲੇ ਦੀ ਬੇਹੱਦ ਕਮੀ ਹੈ।
ਇੰਡਸਟਰੀ 'ਤੇ ਅਸਰ
ਪੰਜਾਬ ਦੇ ਵਿੱਚ ਜਦੋਂ ਬਿਜਲੀ ਸੰਕਟ (Power crisis) ਪੈਦਾ ਹੋਇਆ ਸੀ ਤਾਂ ਵੱਡੀਆਂ ਇੰਡਸਟਰੀਆਂ ਨੂੰ ਬੰਦ ਕਰ ਦਿੱਤਾ ਗਿਆ ਸੀ, ਅਜਿਹੇ 'ਚ ਇਹ ਮੰਨਿਆ ਜਾ ਰਿਹਾ ਹੈ ਕਿ ਜੇਕਰ ਦੇਸ਼ ਵਿੱਚ ਬਿਜਲੀ ਸੰਕਟ ਪੈਦਾ ਹੁੰਦਾ ਹੈ ਤਾਂ ਇਸ ਵਾਰ ਵੀ ਸਭ ਤੋਂ ਵੱਡਾ ਅਸਰ ਵੱਡੀਆਂ ਫੈਕਟਰੀਆਂ ਤੇ ਪਵੇਗਾ ਜਿਨ੍ਹਾਂ ਨੂੰ ਬੰਦ ਕਰਨਾ ਪੈ ਸਕਦਾ ਹੈ। ਜੇਕਰ ਗੱਲ ਲੁਧਿਆਣਾ ਦੀ ਕੀਤੀ ਜਾਵੇ ਤਾਂ ਲੁਧਿਆਣਾ ਦੇ ਵਿੱਚ 36000 ਦੇ ਕਰੀਬ ਛੋਟੇ ਅਤੇ ਵੱਡੇ ਯੂਨਿਟ ਹਨ ਜੋ ਬਿਜਲੀ ਨਾਲ ਚੱਲਦੇ ਨੇ ਅਤੇ ਇਨ੍ਹਾਂ ਵਿੱਚ ਕਈ ਵੱਡੇ ਯੂਨਿਟ ਹਨ।