ਨਵੀਂ ਦਿੱਲੀ:ਕੇਂਦਰੀ ਮੰਤਰੀ ਮੰਡਲ ਨੇ ਸੀਐਨਜੀ-ਪੀਐਨਜੀ ਦੀ ਕੀਮਤ ਤੈਅ ਕਰਨ ਦੇ ਨਵੇਂ ਫਾਰਮੂਲੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਜ਼ਿਕਰਯੋਗ ਹੈ ਕਿ ਘਰੇਲੂ ਗੈਸ ਦੀਆਂ ਕੀਮਤਾਂ ਤੈਅ ਕਰਨ ਦੀ ਪ੍ਰਕਿਰਿਆ 'ਚ ਬਦਲਾਅ ਸ਼ਨੀਵਾਰ ਤੋਂ ਲਾਗੂ ਹੋ ਜਾਵੇਗਾ। ਇਸ ਫੈਸਲੇ ਦੇ ਲਾਗੂ ਹੋਣ ਨਾਲ ਦੇਸ਼ ਵਿੱਚ ਪੀਐਨਜੀ ਦੀਆਂ ਕੀਮਤਾਂ ਵਿੱਚ 10 ਫੀਸਦੀ ਅਤੇ ਸੀਐਨਜੀ ਦੀਆਂ ਕੀਮਤਾਂ ਵਿੱਚ 6-9 ਫੀਸਦੀ ਦੀ ਕਮੀ ਹੋ ਜਾਵੇਗੀ।
ਪ੍ਰਧਾਨ ਮੰਤਰੀ ਨੇ ਨਵੇਂ ਫੈਸਲੇ ਦਾ ਕੀਤਾ ਸਵਾਗਤ: ਪ੍ਰਧਾਨ ਮੰਤਰੀ ਮੋਦੀ ਨੇ ਸੀਐਨਜੀ ਅਤੇ ਪੀਐਨਜੀ ਦੀਆਂ ਕੀਮਤਾਂ ਵਿੱਚ ਰਾਹਤ ਦੇਣ ਦੇ ਨਵੇਂ ਫਾਰਮੂਲੇ ਦਾ ਸਵਾਗਤ ਕੀਤਾ ਹੈ। ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਦੇ ਟਵੀਟ ਨੂੰ ਸਾਂਝਾ ਕਰਦੇ ਹੋਏ, ਪੀਐਮ ਮੋਦੀ ਨੇ ਲਿਖਿਆ ਹੈ ਕਿ ਘਰੇਲੂ ਗੈਸ ਕੀਮਤਾਂ ਦੇ ਦਿਸ਼ਾ-ਨਿਰਦੇਸ਼ਾਂ ਦੀ ਸਮੀਖਿਆ ਬਾਰੇ ਕੈਬਨਿਟ ਦੁਆਰਾ ਲਏ ਗਏ ਫੈਸਲੇ ਨਾਲ ਖਪਤਕਾਰਾਂ ਨੂੰ ਬਹੁਤ ਫਾਇਦਾ ਹੋਵੇਗਾ। ਇਹ ਇਸ ਸੈਕਟਰ ਲਈ ਹਾਂ-ਪੱਖੀ ਕਦਮ ਹੈ।
CNG-PNG ਦੀ ਕੀਮਤ 10 ਫੀਸਦੀ ਸਸਤੀ ਹੋਵੇਗੀ: ਨਵੇਂ ਫਾਰਮੂਲੇ ਤਹਿਤ ਸੀਐਨਜੀ ਅਤੇ ਪਾਈਪ ਐਲਪੀਜੀ ਦੀਆਂ ਕੀਮਤਾਂ ਦੀ ਵੀ ਸੀਮਾ ਤੈਅ ਕੀਤੀ ਗਈ ਹੈ। ਹੁਣ ਘਰੇਲੂ ਕੁਦਰਤੀ ਗੈਸ ਦੀ ਕੀਮਤ ਭਾਰਤੀ ਕੱਚੇ ਤੇਲ ਦੀ ਆਲਮੀ ਕੀਮਤ ਦੇ ਮਾਸਿਕ ਔਸਤ ਦਾ 10 ਫੀਸਦੀ ਹੋਵੇਗੀ। ਇਸ ਦੀ ਸੂਚਨਾ ਹਰ ਮਹੀਨੇ ਦਿੱਤੀ ਜਾਵੇਗੀ, ਜਦਕਿ ਹੁਣ ਤੱਕ ਇਨ੍ਹਾਂ ਦੀ ਸਾਲ ਵਿੱਚ ਦੋ ਵਾਰ ਸਮੀਖਿਆ ਕੀਤੀ ਜਾਂਦੀ ਸੀ। ਸਰਕਾਰ ਨੇ ਨਵਾਂ ਫਾਰਮੂਲਾ ਤੈਅ ਕਰਨ ਲਈ ਅਕਤੂਬਰ 2022 ਵਿੱਚ ਕਿਰੀਟ ਪਾਰਿਖ ਦੀ ਪ੍ਰਧਾਨਗੀ ਵਿੱਚ ਇੱਕ ਕਮੇਟੀ ਬਣਾਈ ਸੀ।