ਕੋਹਿਮਾ: ਨਾਗਾਲੈਂਡ ਦੇ ਮੋਨ ਜ਼ਿਲ੍ਹੇ ਵਿੱਚ ਸੁਰੱਖਿਆ ਬਲਾਂ ਦੀ ਕਥਿਤ ਗੋਲੀਬਾਰੀ ਵਿੱਚ ਘੱਟੋ-ਘੱਟ 13 ਨਾਗਰਿਕ ਮਾਰੇ ਗਏ। ਪੁਲਿਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਿਸ ਨੇ ਕਿਹਾ ਕਿ ਉਹ ਇਹ ਪਤਾ ਲਗਾਉਣ ਲਈ ਘਟਨਾ ਦੀ ਜਾਂਚ ਕਰ ਰਹੇ ਹਨ ਕਿ ਕੀ ਇਹ ਗਲਤ ਪਛਾਣ ਦਾ ਮਾਮਲਾ ਹੈ। ਫੌਜ ਨੇ ਦੱਸਿਆ ਕਿ ਇਸ ਦੌਰਾਨ ਫੌਜ ਦੇ ਇਕ ਜਵਾਨ ਦੀ ਮੌਤ ਹੋ ਗਈ ਅਤੇ ਕਈ ਹੋਰ ਜਵਾਨ ਜ਼ਖਮੀ ਹੋ ਗਏ।
ਇਸ ਸਬੰਧ ਵਿਚ ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕਾਂ ਦੀ ਸਹੀ ਗਿਣਤੀ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ ਕਿਉਂਕਿ 11 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਕਈ ਗੰਭੀਰ ਜ਼ਖਮੀ ਹੋਏ ਲੋਕਾਂ ਨੇ ਗੁਆਂਢੀ ਰਾਜ ਆਸਾਮ ਦੇ ਹਸਪਤਾਲਾਂ ਵਿਚ ਦਮ ਤੋੜ ਦਿੱਤਾ। ਮੁੱਖ ਮੰਤਰੀ ਨੇਫਿਯੂ ਰੀਓ ਨੇ ਘਟਨਾ ਦੀ ਉੱਚ ਪੱਧਰੀ ਜਾਂਚ ਦਾ ਵਾਅਦਾ ਕੀਤਾ ਅਤੇ ਸਮਾਜ ਦੇ ਸਾਰੇ ਵਰਗਾਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ। ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਘਟਨਾ ਓਟਿੰਗ ਅਤੇ ਤੀਰੂ ਪਿੰਡਾਂ ਦੇ ਵਿਚਕਾਰ ਵਾਪਰੀ ਜਦੋਂ ਕੁਝ ਦਿਹਾੜੀਦਾਰ ਮਜ਼ਦੂਰ ਸ਼ਨੀਵਾਰ ਸ਼ਾਮ ਨੂੰ ਇੱਕ ਪਿਕ-ਅੱਪ ਵੈਨ ਵਿੱਚ ਕੋਲੇ ਦੀ ਖਾਨ ਤੋਂ ਘਰ ਪਰਤ ਰਹੇ ਸਨ। ਉਨ੍ਹਾਂ ਕਿਹਾ ਕਿ ਪਾਬੰਦੀਸ਼ੁਦਾ ਜਥੇਬੰਦੀ ਨੈਸ਼ਨਲ ਸੋਸ਼ਲਿਸਟ ਕੌਂਸਲ ਆਫ਼ ਨਾਗਾਲੈਂਡ-ਕੇ (ਐਨਐਸਸੀਐਨ-ਕੇ) ਦੇ ਯੁਂਗ ਓਂਗ ਧੜੇ ਦੇ ਅਤਿਵਾਦੀਆਂ ਦੀ ਆਵਾਜਾਈ ਬਾਰੇ ਸੂਚਨਾ ਮਿਲਣ ਮਗਰੋਂ ਇਲਾਕੇ ਵਿੱਚ ਕੰਮ ਕਰ ਰਹੇ ਫ਼ੌਜੀ ਜਵਾਨਾਂ ਨੇ ਕਥਿਤ ਤੌਰ ’ਤੇ ਗੱਡੀ ’ਤੇ ਗੋਲੀਬਾਰੀ ਕੀਤੀ।
ਅਧਿਕਾਰੀ ਨੇ ਕਿਹਾ ਕਿ ਇਹ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਗਲਤ ਪਛਾਣ ਦਾ ਮਾਮਲਾ ਸੀ ਜਾਂ ਨਹੀਂ। ਮੋਨ ਮਿਆਂਮਾਰ ਦੀ ਸਰਹੱਦ ਦੇ ਨੇੜੇ ਸਥਿਤ ਹੈ। NSCN ਦਾ ਯੁਂਗ ਓਂਗ ਧੜਾ ਮਿਆਂਮਾਰ ਤੋਂ ਆਪਣੀਆਂ ਅੱਤਵਾਦੀ ਗਤੀਵਿਧੀਆਂ ਚਲਾਉਂਦਾ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਥਿਤੀ ਕਾਬੂ ਹੇਠ ਹੈ ਅਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਦੌਰਾਨ, ਫੌਜ ਦੇ 3 ਕੋਰ ਦੇ ਹੈੱਡਕੁਆਰਟਰ ਦੁਆਰਾ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਕਿਹਾ ਗਿਆ ਹੈ, "ਅੱਤਵਾਦੀਆਂ ਦੀਆਂ ਸੰਭਾਵਿਤ ਗਤੀਵਿਧੀਆਂ ਬਾਰੇ ਭਰੋਸੇਯੋਗ ਖੁਫੀਆ ਸੂਚਨਾਵਾਂ ਦੇ ਆਧਾਰ 'ਤੇ, ਨਾਗਾਲੈਂਡ ਦੇ ਮੋਨ ਜ਼ਿਲ੍ਹੇ ਦੇ ਤਿਰੂ ਵਿੱਚ ਇੱਕ ਵਿਸ਼ੇਸ਼ ਮੁਹਿੰਮ ਦੀ ਯੋਜਨਾ ਬਣਾਈ ਗਈ ਸੀ। ਇਹ ਘਟਨਾ ਅਤੇ ਇਸ ਤੋਂ ਬਾਅਦ ਜੋ ਵਾਪਰਿਆ ਉਹ ਬੇਹੱਦ ਅਫਸੋਸਨਾਕ ਹੈ। ਲੋਕਾਂ ਦੀ ਮੌਤ ਦੀ ਇਸ ਮੰਦਭਾਗੀ ਘਟਨਾ ਦੇ ਕਾਰਨਾਂ ਦੀ ‘ਕੋਰਟ ਆਫ਼ ਇਨਕੁਆਰੀ’ ਰਾਹੀਂ ਉੱਚ ਪੱਧਰੀ ਜਾਂਚ ਕੀਤੀ ਜਾ ਰਹੀ ਹੈ ਅਤੇ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।
ਗ੍ਰਹਿ ਮੰਤਰੀ ਨੇ ਦੁੱਖ ਪ੍ਰਗਟਾਇਆ
ਘਟਨਾ 'ਤੇ ਦੁੱਖ ਪ੍ਰਗਟ ਕਰਦੇ ਹੋਏ ਗ੍ਰਹਿ ਮੰਤਰੀ ਨੇ ਟਵੀਟ ਕੀਤਾ, ''ਨਾਗਾਲੈਂਡ ਦੇ ਓਟਿੰਗ 'ਚ ਹੋਈ ਮੰਦਭਾਗੀ ਘਟਨਾ ਤੋਂ ਦੁਖੀ ਹਾਂ। ਮੈਂ ਉਨ੍ਹਾਂ ਲੋਕਾਂ ਦੇ ਪਰਿਵਾਰਾਂ ਪ੍ਰਤੀ ਡੂੰਘੀ ਸੰਵੇਦਨਾ ਪ੍ਰਗਟ ਕਰਦਾ ਹਾਂ ਜਿਨ੍ਹਾਂ ਨੇ ਆਪਣੀਆਂ ਜਾਨਾਂ ਗੁਆ ਦਿੱਤੀਆਂ ਹਨ। ਸੂਬਾ ਸਰਕਾਰ ਵੱਲੋਂ ਗਠਿਤ ਉੱਚ ਪੱਧਰੀ ਐਸ.ਆਈ.ਟੀ ਇਸ ਘਟਨਾ ਦੀ ਡੂੰਘਾਈ ਨਾਲ ਜਾਂਚ ਕਰੇਗੀ ਤਾਂ ਜੋ ਦੁਖੀ ਪਰਿਵਾਰਾਂ ਨੂੰ ਇਨਸਾਫ਼ ਦਿਵਾਇਆ ਜਾ ਸਕੇ।
ਫੌਜ ਨੇ ਕਿਹਾ, 'ਇਸ ਆਪਰੇਸ਼ਨ 'ਚ ਸੁਰੱਖਿਆ ਕਰਮਚਾਰੀ ਗੰਭੀਰ ਰੂਪ ਨਾਲ ਜ਼ਖਮੀ ਹੋਏ ਹਨ ਅਤੇ ਇਕ ਜਵਾਨ ਦੀ ਮੌਤ ਹੋ ਗਈ ਹੈ।