ਭੋਪਾਲ: ਮੱਧ ਪ੍ਰਦੇਸ਼ ਦੇ ਨਿਵਾੜੀ ਜ਼ਿਲ੍ਹੇ ਵਿਖੇ ਬੋਰਵੈਲ 'ਚ ਡਿੱਗਿਆ ਚਾਰ ਸਾਲ ਦਾ ਪ੍ਰਹਿਲਾਦ ਆਖ਼ਿਰ 'ਚ ਜ਼ਿੰਦਗੀ ਦੀ ਜੰਗ ਹਾਰ ਗਿਆ। ਲਗਭਗ 90 ਘੰਟਿਆਂ ਦੀ ਕੜੀ ਮਸ਼ਕਤ ਦੇ ਬਾਵਜੂਦ ਐਨਡੀਆਰਐਫ ਤੇ ਬਚਾਅ ਦਲ ਉਸ ਨੂੰ ਬਚਾ ਨਹੀਂ ਸਕਿਆ।
ਪ੍ਰਹਿਲਾਦ ਦੀ ਮੌਤ ਦੀ ਖ਼ਬਰ 'ਤੇ ਸੂਬੇ ਦੇ ਮੁੱਖ ਮੰਤਰੀ ਸ਼ਿਵਰਾਜ ਚੌਹਾਨ ਨੇ ਸੋਗ ਪ੍ਰਗਟਾਇਆ ਹੈ।
ਚਾਰ ਸਾਲਾ ਪ੍ਰਹਿਲਾਦ ਬੁੱਧਵਾਰ ਸਵੇਰੇ ਨਿਵਾੜੀ ਜ਼ਿਲ੍ਹੇ ਦੇ ਸੇਤਪੁਰਾ ਵਿੱਚ ਇੱਕ ਫਾਰਮ ਬੋਰਵੈਲ ਨੇੜੇ ਖੇਡਦੇ ਸਮੇਂ ਡਿੱਗ ਗਿਆ। ਉਹ ਲਗਭਗ 60 ਫੁੱਟ ਦੀ ਡੂੰਘਾਈ 'ਤੇ ਫਸਿਆ ਹੋਇਆ ਸੀ। ਪਿਛਲੇ ਤਿੰਨ ਦਿਨਾਂ ਤੋਂ ਰਾਹਤ ਅਤੇ ਬਚਾਅ ਦਾ ਕੰਮ ਜਾਰੀ ਹੈ। ਫੌਜ, ਐਸਡੀਆਰਐਫ ਅਤੇ ਪੁਲਿਸ ਅਤੇ ਹੋਮ ਗਾਰਡ ਇਸ ਮੁਹਿੰਮ ਵਿੱਚ ਲੱਗੇ ਹੋਏ ਸਨ। ਤਕਰੀਬਨ 90 ਘੰਟਿਆਂ ਤੱਕ ਚੱਲੇ ਇੱਕ ਅਭਿਆਨ ਤੋਂ ਬਾਅਦ, ਪ੍ਰਹਿਲਾਦ ਨੂੰ ਦੁਪਹਿਰ 3 ਵਜੇ ਦੇ ਕਰੀਬ ਬਾਹਰ ਕੱਢਿਆ ਗਿਆ। ਉਸ ਨੂੰ ਤੁਰੰਤ ਨਿਵਾੜੀ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਪ੍ਰਹਿਲਾਦ ਦੇ ਦੇਹਾਂਤ ‘ਤੇ ਦੁੱਖ ਜ਼ਾਹਰ ਕਰਦਿਆਂ ਕਿਹਾ, ‘ਪ੍ਰਹਿਲਾਦ ਨੂੰ 90 ਘੰਟੇ ਦੀ ਕੜੀ ਮਸ਼ਕਤ ਤੋਂ ਬਾਅਦ ਵੀ ਨਹੀਂ ਬਚਾਇਆ ਜਾ ਸਕਿਆ। ਐਨਡੀਆਰਐਫ ਅਤੇ ਹੋਰ ਮਾਹਰਾਂ ਦੀ ਟੀਮ ਨੇ ਦਿਨ ਰਾਤ ਸਖ਼ਤ ਮਿਹਨਤ ਕੀਤੀ ਪਰ ਆਖਰਕਾਰ ਪੁੱਤਰ ਦੀ ਮ੍ਰਿਤਕ ਦੇਹ ਨੂੰ ਅੱਜ ਸਵੇਰੇ ਤਿੰਨ ਵਜੇ ਬਾਹਰ ਕੱਢਿਆ ਗਿਆ। ਇਸ ਦੁੱਖ ਦੀ ਘੜੀ ਵਿੱਚ, ਮੈਂ ਅਤੇ ਪੂਰਾ ਸੂਬਾ ਪ੍ਰਹਿਲਾਦ ਦੇ ਪਰਿਵਾਰ ਦੇ ਨਾਲ ਖੜੇ ਹਾਂ ਅਤੇ ਮਾਸੂਮ ਬੇਟੇ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰ ਰਹੇ ਹਾਂ।'
ਮੁੱਖ ਮੰਤਰੀ ਚੌਹਾਨ ਨੇ ਪ੍ਰਭਾਵਤ ਪਰਿਵਾਰ ਨੂੰ ਮੁਆਵਜ਼ਾ ਦੇਣ ਦਾ ਐਲਾਨ ਕਰਦਿਆਂ ਕਿਹਾ ਕਿ ਪ੍ਰਹਿਲਾਦ ਦੇ ਪਰਿਵਾਰ ਨੂੰ ਸਰਕਾਰ ਵੱਲੋਂ ਪੰਜ ਲੱਖ ਦਾ ਮੁਆਵਜ਼ਾ ਦਿੱਤਾ ਜਾ ਰਿਹਾ ਹੈ, ਤੇ ਉਨ੍ਹਾਂ ਦੇ ਫਾਰਮ 'ਚ ਨਵਾਂ ਬੋਰਵੈਲ ਵੀ ਬਣਾਇਆ ਜਾਵੇਗਾ।