ਚੰਡੀਗੜ੍ਹ:ਕਾਂਗਰਸ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਚਮਕੌਰ ਸਾਹਿਬ ਤੋਂ ਇਲਾਵਾ ਭਦੌੜ ਸੀਟ ਤੋਂ ਵੀ ਟਿਕਟ ਦਿੱਤੀ ਹੈ। ਅਜਿਹਾ ਕਰਕੇ ਪਾਰਟੀ ਨੇ ਨਾ ਸਿਰਫ ਚਰਨਜੀਤ ਸਿੰਘ ਚੰਨੀ ਨੂੰ ਪਾਰਟੀ ਦਾ ਮੁੱਖ ਮੰਤਰੀ ਚਿਹਰਾ (Channi is cm face of congress)ਦੱਸਣ ਦਾ ਲੁਕਵਾਂ ਸੁਨੇਹਾ ਦਿੱਤਾ ਹੈ, ਸਗੋਂ ਮਾਲਵਾ ਖੇਤਰ ਦੇ ਦਲਿਤ ਵੋਟ ਬੈਂਕ ਨੂੰ ਆਪਣੇ ਪੱਖ ਵਿੱਚ ਕਰਨ ਦੀ ਵੱਡੀ ਕੋਸ਼ਿਸ਼ ਵੀ ਕੀਤੀ ਹੈ। ਚੰਨੀ ਨੂੰ ਕਾਂਗਰਸ ਦਾ ਮੁੱਖ ਮੰਤਰੀ ਚਿਹਰਾ ਇਸ ਲਈ ਵੀ ਮੰਨਿਆ ਜਾ ਸਕਦਾ ਹੈ, ਕਿਉਂਕਿ ਜੇਕਰ ਨਵਜੋਤ ਸਿੱਧੂ ਨੂੰ ਮੁੱਖ ਮੰਤਰੀ ਚਿਹਰਾ ਐਲਾਨਿਆ ਜਾਣਾ ਹੈ ਤਾਂ ਉਨ੍ਹਾਂ ਨੂੰ ਅੰਮ੍ਰਿਤਸਰ ਪੂਰਬੀ ਤੋਂ ਇਲਾਵਾ ਇੱਕ ਹੋਰ ਸੀਟ ਤੋਂ ਚੋਣ ਲੜਾਈ ਜਾਣੀ ਸੀ, ਕਿਉਂਕਿ ਅਕਾਲੀ ਦਲ ਨੇ ਉਨ੍ਹਾਂ ਦੀ ਅੰਮ੍ਰਿਤਸਰ ਵਿੱਚ ਮਜਬੂਦ ਘੇਰਾਬੰਦੀ ਕਰ ਦਿੱਤੀ ਹੈ। ਦੂਜੇ ਪਾਸੇ ਚੰਨੀ ਨੂੰ ਮਾਲਵੇ ਵਿੱਚ ਦੀ ਭਦੌੜ ਸੀਟ ਤੋਂ ਉਮੀਦਵਾਰ ਬਣਾਉਣ ਨਾਲ ਕਾਂਗਰਸ ਦਲਿਤ ਵੋਟ ਬੈਂਕ ਨੂੰ ਇਹ ਦੱਸਣਾ ਚਾਹੁੰਦੀ ਹੈ ਕਿ ਇਹ ਪਾਰਟੀ ਦਲਿਤਾਂ ਨੂੰ ਉੱਚ ਅਹੁਦੇ ਨਿਵਾਜਦੀ ਹੈ।
ਰਾਹੁਲ ਗਾਂਧੀ ਨੂੰ ਲੜਾਇਆ ਸੀ ਦੋ ਸੀਟਾਂ ਤੋਂ
‘ਇੱਕ ਪਰਿਵਾਰ ਇੱਕ ਟਿਕਟ’ ਦੀ ਨੀਤੀ ’ਤੇ ਚੱਲਣ ਵਾਲੀ ਕਾਂਗਰਸ ਨੇ ਰਾਹੁਲ ਗਾਂਧੀ ਨੂੰ ਅਮੇਠੀ ਤੋਂ (Rahul gandhi from amethi)ਇਲਾਵਾ ਵਾਇਨਾੜ ਤੋਂ ਲੋਕਸਭਾ ਚੋਣ (Parliament election from vainad) ਲੜਾਈ ਸੀ। ਪਾਰਟੀ ਨੂੰ ਸ਼ੱਕ ਸੀ ਕਿ ਅਮੇਠੀ ਤੋਂ ਉਹ ਚੋਣ ਹਾਰ ਜਾਣਗੇ ਤੇ ਦੂਜਾ ਕੌਮੀ ਆਗੂ ਨੂੰ ਵਾਇਨਾੜ ਵਿੱਚ ਖੜ੍ਹਾ ਕਰਨ ਨਾਲ ਇਹ ਸੁਨੇਹਾ ਵੀ ਦਿੱਤਾ ਗਿਆ ਸੀ ਕਿ ਕਾਂਗਰਸ ਪਾਰਟੀ ਨੂੰ ਦੱਖਣੀ ਭਾਰਤ ਨਾਲ ਵੀ ਲਗਾਅ ਹੈ। ਪਾਰਟੀ ਦੀ ਰਣਨੀਤੀ ਸਹੀ ਰਹੀ, ਰਾਹੁਲ ਅਮੇਠੀ ਤੋਂ ਚੋਣ ਹਾਰ ਗਏ ਸੀ ਤੇ ਵਾਇਨਾੜ ਤੋਂ ਵੱਡੇ ਫਰਕ ਨਾਲ ਚੋਣ ਜਿੱਤੀ ਸੀ। ਇਸੇ ਰਣਨੀਤੀ ਤਹਿਤ ਕਵਾਇਦ ਤੋੜਦਿਆਂ ਹੁਣ ਪੰਜਾਬ ਵਿਧਾਨ ਸਭਾ ਚੋਣਾਂ 2022 ਵਿੱਚ ਚਰਨਜੀਤ ਸਿੰਘ ਚੰਨੀ ਨੂੰ ਚਮਕੌਰ ਸਾਹਿਬ ਦੇ ਨਾਲ-ਨਾਲ ਭਦੌੜ ਤੋਂ ਵੀ ਚੋਣ ਲੜਾਈ ਜਾ ਰਹੀ ਹੈ ਤਾਂ ਜੋ ਇਸ ਖੇਤਰ ਵਿੱਚ ਦਲਿਤ ਵੋਟ ਬੈਂਕ ਦਾ ਧਰੁਵੀਕਰਨ ਕੀਤਾ ਜਾ ਸਕੇ।
ਮਾਲਵੇ ਵਿੱਚ ਦਲਿਤਾਂ ਨੇ ਜਿਤਾਏ ਸੀ ਆਪ ਦੇ ਵਿਧਾਇਕ
ਵਿਧਾਨ ਸਭਾ ਚੋਣਾਂ 2017 ਦੌਰਾਨ ਆਮ ਆਦਮੀ ਪਾਰਟੀ ਨੂੰ ਮਾਲਵੇ ਵਿੱਚ ਭਰਵਾਂ ਹੁੰਗਾਰਾ ਮਿਲਿਆ ਸੀ। ਆਪ ਦੇ ਅੱਧੇ ਦੇ ਕਰੀਬ ਵਿਧਾਇਕ ਦਲਿਤ ਸੀ। ਦਲਿਤਾਂ ਨੇ ਆਪ ਨੂੰ ਭਰਵਾਂ ਹੁੰਗਾਰਾ ਦਿੱਤਾ ਸੀ ਤੇ ਇਸ ਵਾਰ ਆਮ ਆਦਮੀ ਪਾਰਟੀ ਨੇ ਮਾਲਵੇ ਦੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਚਿਹਰਾ ਬਣਾਇਆ ਹੈ। ਇਸੇ ਕਾਂਗਰਸ ਨੇ ਵੀ ਆਪਣੇ ਸੰਭਾਵਿਤ ਮੁੱਖ ਮੰਤਰੀ ਚਿਹਰੇ ਚਰਨਜੀਤ ਸਿੰਘ ਚੰਨੀ, ਜਿਹੜੇ ਕਿ ਦਲਿਤ ਵੀ ਹਨ, ਨੂੰ ਬਰਨਾਲਾ ਜਿਲ੍ਹੇ ਦੀ ਭਦੌੜ ਸੀਟ ਤੋਂ ਉਮੀਦਵਾਰ ਬਣਾਇਆ ਹੈ। ਇਸ ਨਾਲ ਪਾਰਟੀ ਵੱਲੋਂ ਜਿੱਥੇ ਮਾਲਵੇ ਦੇ ਵੱਡੇ ਦਲਿਤ ਵੋਟ ਬੈਂਕ ਨੂੰ ਆਪਣੇ ਹੱਕ ਵਿੱਚ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਉਥੇ ਹੀ ਕਾਂਗਰਸ ਦਾ ਵੱਡਾ ਚਿਹਰਾ ਇਸ ਖੇਤਰ ਵਿੱਚ ਆਉਣ ਨਾਲ ਆਮ ਆਦਮੀ ਪਾਰਟੀ ਨੂੰ ਨਵੀਂ ਰਣਨੀਤੀ ਘੜ੍ਹਣ ਲਈ ਮਜਬੂਰ ਕਰ ਸਕਦਾ ਹੈ।
ਘੇਰਾ ਬੰਦੀ ਤਾਂ ਸਿੱਧੂ ਦੀ ਵੀ ਹੋਈ ਹੈ
ਚਰਨਜੀਤ ਸਿੰਘ ਚੰਨੀ ਨੂੰ ਦੋ ਸੀਟਾਂ ਤੋਂ ਚੋਣ ਲੜਾਉਣ ਪਿੱਛੇ ਪਾਰਟੀ ਨੇ ਲੁਕਵਾਂ ਸੁਨੇਹਾ ਦੇ ਦਿੱਤਾ ਹੈ ਕਿ ਚੰਨੀ ਮੁੱਖ ਮੰਤਰੀ ਚਿਹਰਾ ਹੋਣਗੇ! ਚੰਨੀ ਨੂੰ ਦੋ ਸੀਟਾਂ ਤੋਂ ਚੋਣ ਲੜਾਈ ਜਾ ਰਹੀ ਹੈ, ਜਦੋਂਕਿ ਨਵਜੋਤ ਸਿੱਧੂ ਨੂੰ ਕਿਸੇ ਹੋਰ ਥਾਂ ਤੋਂ ਟਿਕਟ ਨਹੀਂ ਦਿੱਤੀ ਗਈ। ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਨਵਜੋਤ ਸਿੱਧੂ ਵਿਰੁੱਧ ਬਿਕਰਮ ਸਿੰਘ ਮਜੀਠੀਆ ਨੂੰ ਚੋਣ ਮੈਦਾਨ ਵਿੱਚ ਉਤਾਰ ਕੇ ਉਨ੍ਹਾਂ ਦੀ ਤਗੜੀ ਘੇਰਾਬੰਦੀ ਕਰ ਦਿੱਤੀ ਹੈ, ਜੇਕਰ ਸਿੱਧੂ ਨੂੰ ਸੀਐਮ ਚਿਹਰਾ ਬਣਾਇਆ ਜਾਣਾ ਸੀ ਤਾਂ ਚੰਨੀ ਦੀ ਥਾਂ ਉਨ੍ਹਾਂ ਨੂੰ ਦੂਜੀ ਸੀਟ ਤੋਂ ਚੋਣ ਲੜਾਈ ਜਾਂਦੀ ਪਰ ਵੱਡੀ ਗੱਲ ਇਹ ਹੈ ਕਿ ਚੰਨੀ ਨੂੰ ਦੂਜੀ ਸੀਟ ਤੋਂ ਉਮੀਦਵਾਰ ਬਣਾਉਣ ਦੇ ਨਾਲ-ਨਾਲ ਪਾਰਟੀ ਨੇ ਸਾਰੀਆਂ ਸੀਟਾਂ ’ਤੇ ਉਮੀਦਵਾਰਾਂ ਦਾ ਐਲਾਨ ਵੀ ਮੁਕੰਮਲ ਕਰ ਦਿੱਤਾ ਹੈ।