ਲਖਨਊ: ਲਖੀਮਪੁਰ ਖੇੜੀ ਕਤਲੇਆਮ ਦੇ ਪੀੜਤ ਕਿਸਾਨ ਪਰਿਵਾਰਾਂ ਨੂੰ ਕਾਂਗਰਸ ਦੀਆਂ ਦੋ ਸੂਬਾ ਸਰਕਾਰਾਂ ਨੇ ਵੱਡੇ ਮੁਆਵਜ਼ੇ ਦਾ ਐਲਾਨ ਕੀਤਾ ਹੈ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit Singh Channi) ਅਤੇ ਛੱਤੀਸਗੜ੍ਹ ਦੇ ਸੀਐਮ ਭੁਪੇਸ਼ ਬਘੇਲ (Bhupesh Baghel) ਨੇ ਪੀੜਤ ਪਰਿਵਾਰਾਂ ਨੂੰ 50-50 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ। ਇਹ ਐਲਾਨ ਯੂਪੀ ਸਰਕਾਰ ਵੱਲੋਂ 45-45 ਲੱਖ ਰੁਪਏ ਦੇ ਦਿੱਤੇ ਮੁਆਵਜ਼ੇ ਦੇ ਐਲਾਨ ਨਾਲੋਂ ਵੱਡਾ ਹੈ। ਪੰਜਾਬ ਤੇ ਛੱਤੀਸਗੜ੍ਹ ਸਰਕਾਰਾਂ ਵੱਲੋਂ ਮੁਆਵਜ਼ੇ ਦਾ ਇਹ ਐਲਾਨ ਠੀਕ ਉਸ ਵੇਲੇ ਹੋਇਆ, ਜਦੋਂ ਰਾਹੁਲ ਗਾਂਧੀ ਲਖਨਊ ਤੋਂ ਲਖੀਮਪੁਰ ਲਈ ਰਵਾਨਾ ਹੋਣ ਲੱਗੇ। ਕਾਂਗਰਸ ਦੇ ਦੋਵੇਂ ਮੁੱਖ ਮੰਤਰੀਆਂ ਨੇ ਇਹ ਐਲਾਨ ਲਖਨਊ ਏਅਰਪੋਰਟ ‘ਤੋਂ ਕੀਤਾ ਗਿਆ।
ਰਾਹੁਲ-ਪ੍ਰਿਅੰਕਾ ਨੂੰ ਇਜਾਜ਼ਤ ਮਿਲਣ ਦੇ ਨਾਲ ਹੀ ਹੋਇਆ ਐਲਾਨ
ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਰਾਹੁਲ ਗਾਂਧੀ ਨੂੰ ਲਖੀਮਪੁਰ ਜਾਣ ਦੀ ਇਜਾਜ਼ਤ ਦਿੱਤੀ ਗਈ ਤੇ ਨਾਲ ਹੀ ਪ੍ਰਿਅੰਕਾ ਗਾਂਧੀ ਨੂੰ ਵੀ ਰਿਹਾਅ ਕਰ ਦਿੱਤਾ ਗਿਆ। ਇਸੇ ਦੌਰਾਨ ਦੋਵਾਂ ਦਾ ਲਖੀਮਪੁਰ ਜਾਣ ਦਾ ਪ੍ਰੋਗਰਾਮ ਬਣਿਆ ਤੇ ਕਾਂਗਰਸ ਦੀਆਂ ਦੋ ਸੂਬਾ ਸਰਕਾਰਾਂ ਨੇ ਪੀੜਤ ਕਿਸਾਨ ਪਰਿਵਾਰਾਂ ਨੂੰ ਮੁਆਵਜ਼ੇ ਦਾ ਐਲਾਨ ਕਰ ਦਿੱਤਾ। ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਨੇ ਕਿਹਾ ਅਸੀਂ ਉਨ੍ਹਾਂ ਕਿਸਾਨਾਂ ਦੇ ਪਰਿਵਾਰਾਂ ਨਾਲ ਖੜ੍ਹੇ ਹਾਂ, ਜਿਨ੍ਹਾਂ ਦਾ ਕਤਲ ਹੋਇਆ ਹੈ।
ਮ੍ਰਿਤਕਾਂ ਦੇ ਪਰਿਵਾਰਾਂ ਨੂੰ 50-50 ਲੱਖ ਰੁਪਏ ਦੇਣ ਦਾ ਐਲਾਨ
ਚੰਨੀ ਨੇ ਪੰਜਾਬ ਸਰਕਾਰ ਵੱਲੋਂ ਹਰੇਕ ਪੀੜਤ ਪਰਿਵਾਰ ਨੂੰ 50 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ। ਚੰਨੀ ਨੇ ਉਸ ਪੱਤਰਕਾਰ ਦੇ ਪਰਿਵਾਰ ਨੂੰ ਵੀ 50 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ, ਜਿਸ ਦੀ ਲਖੀਮਪੁਰ ਹਿੰਸਾ ਵਿੱਚ ਮੌਤ ਹੋ ਗਈ ਸੀ। ਇਸੇ ਤਰ੍ਹਾਂ ਸੀਐਮ ਭੁਪੇਸ਼ ਬਘੇਲ ਨੇ ਵੀ ਛੱਤੀਸਗੜ੍ਹ ਸਰਕਾਰ ਵੱਲੋਂ ਲਖੀਮਪੁਰ ਖੇੜੀ ਦੇ ਮ੍ਰਿਤਕ ਕਿਸਾਨਾਂ ਦੇ ਪਰਿਵਾਰਾਂ ਅਤੇ ਪੱਤਕਾਰ ਦੇ ਪਰਿਵਾਰ ਨੂੰ 50-50 ਲੱਖ ਰੁਪਏ ਦੇਣ ਦਾ ਐਲਾਨ ਕੀਤਾ।