ਹੁਬਲੀ: ‘ਸਰਲ ਵਾਸਤੂ’ ਦੇ ਨਾਂ ਨਾਲ ਮਸ਼ਹੂਰ ਚੰਦਰਸ਼ੇਖਰ ਗੁਰੂ ਜੀ ਦਾ ਕਰਨਾਟਕ ਦੇ ਹੁਬਲੀ ਦੇ ਇੱਕ ਹੋਟਲ ਵਿੱਚ ਮੰਗਲਵਾਰ ਨੂੰ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪੁਲਿਸ ਨੇ ਇਹ ਜਾਣਕਾਰੀ ਦਿੱਤੀ। ਸੀਸੀਟੀਵੀ ਕੈਮਰੇ ਦੀ ਫੁਟੇਜ 'ਚ ਹੋਟਲ ਦੇ 'ਰਿਸੈਪਸ਼ਨ' ਇਲਾਕੇ 'ਚ ਦੋ ਵਿਅਕਤੀ ਗੁਰੂ ਜੀ 'ਤੇ ਲਗਾਤਾਰ ਕਈ ਵਾਰ ਚਾਕੂ ਮਾਰਦੇ ਦਿਖਾਈ ਦੇ ਰਹੇ ਹਨ। ਪੁਲਿਸ ਨੇ ਕਾਤਲਾਂ ਦੀ ਗ੍ਰਿਫਤਾਰੀ ਲਈ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਹੁਬਲੀ ਦੇ ਪੁਲਿਸ ਕਮਿਸ਼ਨਰ ਲਾਭ ਰਾਮ ਮੌਕੇ 'ਤੇ ਪਹੁੰਚੇ।
ਪਰਿਵਾਰਕ ਸੂਤਰਾਂ ਨੇ ਦੱਸਿਆ ਕਿ ਗੁਰੂ ਜੀ, ਮੂਲ ਰੂਪ ਵਿੱਚ ਬਗਲਕੋਟ ਦੇ ਰਹਿਣ ਵਾਲੇ ਸਨ ਅਤੇ ਉਨ੍ਹਾਂ ਨੇ ਠੇਕੇਦਾਰ ਵਜੋਂ ਕੰਮ ਕਰਨਾ ਸ਼ੁਰੂ ਕੀਤਾ, ਪਰ ਬਾਅਦ ਵਿੱਚ ਮੁੰਬਈ ਵਿੱਚ ਨੌਕਰੀ ਕਰ ਲਈ। ਇਸ ਤੋਂ ਬਾਅਦ ਗੁਰੂ ਜੀ ਮੁੰਬਈ ਆ ਕੇ ਵਸ ਗਏ ਅਤੇ ਵਾਸਤੂ ਸਲਾਹ ਦੇਣ ਲੱਗੇ। ਤਿੰਨ ਦਿਨ ਪਹਿਲਾਂ ਹੁਬਲੀ ਵਿੱਚ ਗੁਰੂ ਜੀ ਦੇ ਪਰਿਵਾਰ ਦੇ ਇੱਕ ਬੱਚੇ ਦੀ ਮੌਤ ਹੋ ਗਈ ਸੀ, ਜਿਸ ਕਾਰਨ ਉਹ ਇੱਥੇ ਆਏ ਸਨ।