ਚੰਡੀਗੜ੍ਹ: ਸੋਸ਼ਲ ਮੀਡੀਆ 'ਤੇ ਪੰਜਾਬੀ ਗਾਇਕ ਇੰਦਰਜੀਤ ਨਿੱਕੂ ਦੇ ਮਾਮਲੇ ਤੋਂ ਬਾਅਦ ਚਰਚਾ ਵਿਚ ਆਏ ਬਗੇਸ਼ਵਰ ਧਾਮ ਦੇ ਧੀਰੇਂਦਰ ਸ਼ਾਸਤਰੀ ਖ਼ਿਲਾਫ਼ ਸ਼ਿਕਾਇਤ ਦਿੱਤੀ ਗਈ ਹੈ। ਇਸ ਵਾਰ ਇਹ ਸ਼ਿਕਾਇਤ ਸ਼ਰਧਾ ਉਨਮੂਲਨ ਸੰਮਤੀ ਦੇ ਸੰਸਥਾਪਕ ਸ਼ਿਆਮ ਮਾਨਵ ਨੇ ਦਿੱਤੀ ਹੈ। ਅੰਧ ਸ਼ਰਧਾ ਉਨਮੂਲਨ ਸੰਮਤੀ ਦੇ ਸੰਸਥਾਪਕ ਨੇ ਦਰਜ ਕਰਵਾਈ ਸ਼ਿਕਾਇਤ ਵਿਚ ਕਿਹਾ ਹੈ ਕਿ ਬਾਬਾ ਬਗੇਸ਼ਵਰ ਵੱਲੋਂ ਲੋਕਾਂ ਵਿਚ ਅੰਧਵਿਸ਼ਵਾਸ ਫੈਲਾਇਆ ਜਾ ਰਿਹਾ ਹੈ।
ਬਾਬੇ 'ਤੇ ਅੰਧਵਿਸ਼ਵਾਸ ਫੈਲਾਉਣ ਦਾ ਇਲਜ਼ਾਮ :ਅੰਧ ਸ਼ਰਧਾ ਉਨਮੂਲਨ ਸੰਮਤੀ ਨੇ ਮੁੰਬਈ ਦੇ ਮੀਰਾ ਰੋਡ ਪੁਲਿਸ ਸਟੇਸ਼ਨ ਵਿੱਚ ਧੀਰੇਂਦਰ ਸ਼ਾਸਤਰੀ ਖਿਲਾਫ ਜਾਦੂ-ਟੂਣਾ ਕਰਨ ਅਤੇ ਅੰਧਵਿਸ਼ਵਾਸ ਨੂੰ ਉਤਸ਼ਾਹਿਤ ਕਰਨ ਦੇ ਦੋਸ਼ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਧੀਰੇਂਦਰ ਸ਼ਾਸਤਰੀ ਨੂੰ ਚੁਣੌਤੀ ਦਿੱਤੀ ਹੈ ਕਿ ਜੇਕਰ ਉਹ 10 ਲੋਕਾਂ ਬਾਰੇ ਸਹੀ ਜਵਾਬ ਦਿੰਦਾ ਹੈ ਤਾਂ ਉਸ ਨੂੰ ਕਮੇਟੀ ਵੱਲੋਂ 30 ਲੱਖ ਰੁਪਏ ਦਿੱਤੇ ਜਾਣਗੇ। ਦੂਜੇ ਪਾਸੇ, ਜੇਕਰ ਉਹ ਸਹੀ ਜਾਣਕਾਰੀ ਦੇਣ ਵਿੱਚ ਅਸਫਲ ਰਹਿੰਦਾ ਹੈ, ਤਾਂ ਇਹ ਮੰਨਿਆ ਜਾਵੇਗਾ ਕਿ ਉਸ ਕੋਲ ਅਜਿਹੀ ਕੋਈ ਸ਼ਕਤੀ ਨਹੀਂ ਹੈ।
ਪੁਲਿਸ ਵੱਲੋਂ ਬਾਬੇ ਦੇ ਪ੍ਰੋਗਰਾਮ ਰੋਕਣ ਦੀ ਅਪੀਲ :ਅੰਧ ਸ਼ਰਧਾ ਉਨਮੂਲ ਸੰਮਤੀ ਦੇ ਸ਼ਿਆਮ ਮਾਨਵ ਨੇ ਮੀਰਾਪੁਰ ਥਾਣੇ ਨੂੰ ਪੱਤਰ ਲਿਖ ਕੇ ਇਲਜ਼ਾਮ ਲਾਇਆ ਹੈ ਕਿ ਧੀਰੇਂਦਰ ਕ੍ਰਿਸ਼ਨ ਸ਼ਾਸਤਰੀ ਜਾਦੂ-ਟੂਣਾ ਕਰਦਾ ਹੈ ਅਤੇ ਮੰਤਰਾਂ ਦੇ ਜਾਪ ਨਾਲ ਬਿਮਾਰੀਆਂ ਨੂੰ ਠੀਕ ਕਰਨ ਦਾ ਦਾਅਵਾ ਕਰਦਾ ਹੈ। ਇਹ ਸਭ ਕੁਝ ਅੰਧਵਿਸ਼ਵਾਸ ਨੂੰ ਉਤਸ਼ਾਹਿਤ ਕਰਨ ਵਾਲਾ ਹੈ। ਉਨ੍ਹਾਂ ਨੇ ਆਪਣੀ ਸ਼ਿਕਾਇਤ 'ਚ ਲਿਖਿਆ ਹੈ ਕਿ ਯੂਟਿਊਬ 'ਤੇ ਧੀਰੇਂਦਰ ਸ਼ਾਸਤਰੀ ਦੇ ਕਈ ਵੀਡੀਓ ਦੇਖਣ ਨਾਲ ਵੀ ਇਸ ਗੱਲ ਦੀ ਪੁਸ਼ਟੀ ਹੁੰਦੀ ਹੈ। ਇਸ ਆਧਾਰ 'ਤੇ ਮੀਰਾਪੁਰ ਥਾਣਾ ਪੁਲਸ ਨੇ ਧੀਰੇਂਦਰ ਸ਼ਾਸਤਰੀ 'ਤੇ ਕਾਰਵਾਈ ਕਰਨ ਅਤੇ ਉਨ੍ਹਾਂ ਦੇ ਪ੍ਰੋਗਰਾਮ ਨੂੰ ਰੋਕਣ ਦੀ ਅਪੀਲ ਕੀਤੀ ਹੈ।