ਨਵੀਂ ਦਿੱਲੀ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜੰਮੂ-ਕਸ਼ਮੀਰ ਦੇ ਸੰਗਠਨ ਤਹਿਰੀਕ-ਏ-ਹੁਰੀਅਤ 'ਤੇ ਪਾਬੰਦੀ ਲਗਾਉਣ ਦਾ ਐਲਾਨ ਕੀਤਾ ਹੈ। ਯੂਏਪੀਏ ਤਹਿਤ ਪਾਬੰਦੀ ਲਗਾਈ ਗਈ ਹੈ। ਕੁਝ ਦਿਨ ਪਹਿਲਾਂ ਹੀ ਗ੍ਰਹਿ ਮੰਤਰੀ ਨੇ ਜੰਮੂ ਕਸ਼ਮੀਰ ਮੁਸਲਿਮ ਲੀਗ (ਮਸਰਤ ਆਲਮ ਗਰੁੱਪ) 'ਤੇ ਪਾਬੰਦੀ ਲਗਾ ਦਿੱਤੀ ਸੀ।
ਕੇਂਦਰ ਸਰਕਾਰ ਨੇ ਕਿਹਾ ਕਿ ਤਹਿਰੀਕ-ਏ-ਹੁਰੀਅਤ ਜੰਮੂ-ਕਸ਼ਮੀਰ ਨੂੰ ਦੇਸ਼ ਤੋਂ ਵੱਖ ਕਰਨ ਦੀ ਸਾਜ਼ਿਸ਼ 'ਚ ਸ਼ਾਮਿਲ ਹੈ। ਸਰਕਾਰ ਨੇ ਇਹ ਵੀ ਕਿਹਾ ਕਿ ਸੰਗਠਨ ਇਸਲਾਮਿਕ ਸ਼ਾਸਨ ਸਥਾਪਤ ਕਰਨ ਲਈ ਸਰਗਰਮ ਰਿਹਾ ਹੈ। ਪਾਬੰਦੀ ਦਾ ਐਲਾਨ ਕਰਦੇ ਹੋਏ ਗ੍ਰਹਿ ਮੰਤਰੀ ਨੇ ਸੋਸ਼ਲ ਮੀਡੀਆ ਐਕਸ 'ਤੇ ਲਿਖਿਆ ਕਿ ਸਾਡੀ ਸਰਕਾਰ ਅੱਤਵਾਦ ਪ੍ਰਤੀ ਜ਼ੀਰੋ ਟੋਲਰੈਂਸ 'ਤੇ ਕੰਮ ਕਰ ਰਹੀ ਹੈ ਅਤੇ ਇਸ ਸੰਦਰਭ 'ਚ ਸਰਕਾਰ ਨੇ ਤਹਿਰੀਕ-ਏ-ਹੁਰੀਅਤ 'ਤੇ ਪਾਬੰਦੀ ਲਗਾਈ ਹੈ।
ਗ੍ਰਹਿ ਮੰਤਰੀ ਨੇ ਕਿਹਾ ਕਿ ਤਹਿਰੀਕ ਭਾਰਤ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਰਹੀ ਹੈ ਅਤੇ ਵੱਖਵਾਦ ਨੂੰ ਵਧਾਵਾ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਸੰਗਠਨ ਪੱਥਰਬਾਜ਼ਾਂ ਨੂੰ ਹੱਲਾਸ਼ੇਰੀ ਦਿੰਦਾ ਹੈ ਅਤੇ ਜੇਕਰ ਕੋਈ ਅੱਤਵਾਦੀ ਮਾਰਿਆ ਜਾਂਦਾ ਹੈ ਤਾਂ ਇਹ ਹੋਰ ਨੌਜਵਾਨਾਂ ਨੂੰ ਅੱਤਵਾਦੀ ਗਤੀਵਿਧੀਆਂ 'ਚ ਸ਼ਾਮਿਲ ਹੋਣ ਲਈ ਗੁੰਮਰਾਹ ਕਰਦਾ ਹੈ।
ਦੱਸ ਦੇਈਏ ਕਿ ਪਾਕਿਸਤਾਨ ਪੱਖੀ ਤਹਿਰੀਕ-ਏ-ਹੁਰੀਅਤ ਦੀ ਕਮਾਨ ਸਈਅਦ ਅਲੀ ਸ਼ਾਹ ਗਿਲਾਨੀ ਦੇ ਹੱਥ ਸੀ। ਉਹ ਵੱਖਵਾਦੀ ਨੇਤਾ ਸੀ। ਗਿਲਾਨੀ ਦੇ ਦੇਹਾਂਤ ਤੋਂ ਬਾਅਦ ਇਸ ਸੰਗਠਨ ਦੀ ਅਗਵਾਈ ਮਸਰਤ ਆਲਮ ਦੇ ਹੱਥਾਂ 'ਚ ਆ ਗਈ। ਮਸਰਤ ਆਲਮ ਨੂੰ ਪਾਕਿਸਤਾਨ ਦਾ ਸਮਰਥਕ ਮੰਨਿਆ ਜਾਂਦਾ ਹੈ। ਉਹ ਭਾਰਤ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਿਲ ਰਿਹਾ ਹੈ। ਕੁਝ ਦਿਨ ਪਹਿਲਾਂ ਸਰਕਾਰ ਨੇ ਮਸਰਤ ਦੇ ਸੰਗਠਨ ਮੁਸਲਿਮ ਲੀਗ ਆਫ ਜੰਮੂ-ਕਸ਼ਮੀਰ 'ਤੇ ਵੀ ਯੂ.ਏ.ਪੀ.ਏ. ਤਹਿਤ ਪਾਬੰਦੀ ਦਾ ਐਲਾਨ ਕੀਤਾ ਸੀ।