ਨਵੀਂ ਦਿੱਲੀ:ਪੰਜਾਬ 'ਚ ਪੰਜ ਜਨਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੌਰੇ 'ਤੇ ਆਏ ਸਨ। ਜਿਸ ਦੌਰਾਨ ਉਨ੍ਹਾਂ ਦਾ ਸੁਰੱਖਿਆ 'ਚ ਕੁਤਾਹੀ ਸਾਹਮਣੇ ਆਈ ਸੀ। ਜਿਸ ਨੂੰ ਲੈਕੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਵਲੋਂ ਪ੍ਰਧਾਨ ਮੰਤਰੀ ਸੁਰੱਖਿਆ ਕੁਤਾਹੀ ਨੂੰ ਲੈਕੇ ਪੰਜਾਬ ਪੁਲਿਸ 'ਤੇ ਵੱਡੇ ਇਲਜ਼ਾਮ ਲਗਾਏ ਗਏ ਹਨ।
ਉੱਚ ਅਧਿਕਾਰੀ ਗੈਰ ਹਾਜ਼ਰ: ਪੀਐਮ ਮੋਦੀ ਦੀ ਪੰਜਾਬ ਫੇਰੀ ਦੌਰਾਨ ਸੁਰੱਖਿਆ ਵਿੱਚ ਕੁਤਾਹੀ ਦਾ ਮੁੱਦਾ ਫਿਰ ਗਰਮਾ ਗਿਆ ਹੈ। ਇਸ ਸਬੰਧੀ ਸੁਪਰੀਮ ਕੋਰਟ 'ਚ ਦਾਇਰ ਰਿਪੋਰਟ ਤੋਂ ਬਾਅਦ ਹੁਣ ਭਾਜਪਾ ਨੇ ਪੰਜਾਬ ਪੁਲਿਸ ਅਤੇ ਕਾਂਗਰਸ 'ਤੇ ਨਿਸ਼ਾਨਾ ਸਾਧਿਆ ਹੈ। ਕੇਂਦਰੀ ਮੰਤਰੀ ਅਤੇ ਭਾਜਪਾ ਆਗੂ ਅਨੁਰਾਗ ਠਾਕੁਰ ਨੇ ਕਿਹਾ ਕਿ ਫਿਰੋਜ਼ਪੁਰ ਦੇ ਐਸਐਸਪੀ ਦੋ ਘੰਟੇ ਲੱਗਣ ਦੇ ਬਾਵਜੂਦ ਕੋਈ ਬਦਲਵਾਂ ਰਸਤਾ ਲੱਭਣ ਵਿੱਚ ਅਸਫਲ ਰਹੇ। ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿੱਚ ਕਮੀ ਨੂੰ ਨਕਾਰਿਆ ਨਹੀਂ ਜਾ ਸਕਦਾ। ਕਾਂਗਰਸ ਦੇ ਰਾਜ ਦੌਰਾਨ ਜਦੋਂ ਪ੍ਰਧਾਨ ਮੰਤਰੀ ਪੰਜਾਬ ਪੁੱਜੇ ਤਾਂ ਉਨ੍ਹਾਂ ਦਾ ਸਵਾਗਤ ਕਰਨ ਲਈ ਮੁੱਖ ਮੰਤਰੀ, ਡੀਜੀਪੀ ਅਤੇ ਮੁੱਖ ਸਕੱਤਰ ਨਹੀਂ ਪਹੁੰਚੇ।
ਪਾਕਿਸਤਾਨ ਸਰਹੱਦ ਸੀ ਨਜ਼ਦੀਕ:ਅਨੁਰਾਗ ਠਾਕੁਰ ਨੇ ਕਿਹਾ ਕਿ ਜਿਸ ਥਾਂ 'ਤੇ ਉਨ੍ਹਾਂ ਦਾ ਕਾਫ਼ਲਾ ਪੁਲ ਦੇ ਵਿਚਕਾਰ ਰੁਕਿਆ ਸੀ, ਉਹ ਪ੍ਰਦਰਸ਼ਨਕਾਰੀਆਂ ਤੋਂ ਸਿਰਫ਼ 100 ਮੀਟਰ ਦੀ ਦੂਰੀ 'ਤੇ ਸੀ ਅਤੇ ਪਾਕਿਸਤਾਨ ਤੋਂ ਸਿਰਫ਼ 10 ਕਿਲੋਮੀਟਰ ਦੂਰ ਸੀ। ਕੁਝ ਵੀ ਹੋ ਸਕਦਾ ਸੀ। ਫੋਨ ਕਰਨ 'ਤੇ ਵੀ ਸੀਐਮ ਦਾ ਪਤਾ ਨਹੀਂ ਲੱਗ ਸਕਿਆ। ਪ੍ਰਧਾਨ ਮੰਤਰੀ ਮੋਦੀ ਉੱਥੇ 20 ਮਿੰਟ ਖੜ੍ਹੇ ਰਹੇ ਪਰ ਕੁਝ ਵੀ ਹੋਣ ਲਈ ਦੋ ਮਿੰਟ ਹੀ ਕਾਫੀ ਸਨ। ਇਸ ਤੋਂ ਸਵਾਲ ਉੱਠਦਾ ਹੈ ਕਿ ਪ੍ਰਦਰਸ਼ਨਕਾਰੀਆਂ ਨੂੰ ਪ੍ਰਧਾਨ ਮੰਤਰੀ ਦੇ ਰੂਟ ਬਾਰੇ ਕਿਸ ਨੇ ਸੂਚਿਤ ਕੀਤਾ? ਐਸਐਸਪੀ ਵਾਰ-ਵਾਰ ਫੋਨ 'ਤੇ ਕਿਸ ਨਾਲ ਗੱਲ ਕਰ ਰਹੇ ਸਨ? ਉਹ ਕਿਸ ਤੋਂ ਹਦਾਇਤਾਂ ਲੈ ਰਿਹਾ ਸੀ?
ਸਿਆਸੀ ਲਾਹਾ ਲੈਣ ਦੀ ਕੋਸ਼ਿਸ਼:ਠਾਕੁਰ ਨੇ ਕਿਹਾ ਕਿ ਸਿਆਸੀ ਲਾਹਾ ਲੈਣ ਲਈ ਪ੍ਰਧਾਨ ਮੰਤਰੀ ਦੀ ਸੁਰੱਖਿਆ ਨਾਲ ਖਿਲਵਾੜ ਕੀਤਾ ਗਿਆ। ਇਹ ਸੁਭਾਵਿਕ ਨਹੀਂ ਸਗੋਂ ਸੋਚੀ ਸਮਝੀ ਸਾਜ਼ਿਸ਼ ਸੀ। ਇਸ ਘਟਨਾ 'ਤੇ ਸੁਪਰੀਮ ਕੋਰਟ ਨੇ ਵੀ ਗੰਭੀਰ ਟਿੱਪਣੀ ਕੀਤੀ ਹੈ। ਪੰਜਾਬ ਪੁਲਿਸ ਪ੍ਰਧਾਨ ਮੰਤਰੀ ਦੀ ਸੁਰੱਖਿਆ ਕਰਨ ਵਿੱਚ ਨਾਕਾਮ ਰਹੀ ਹੈ।
ਸੁਰੱਖਿਆ ਯਕੀਨੀ ਬਣਾਉਣ ਵਿੱਚ ਨਾਕਾਮ: ਅਨੁਰਾਗ ਠਾਕੁਰ ਨੇ ਕਿਹਾ ਹੈ ਕਿ ਸੁਪਰੀਮ ਕੋਰਟ ਦੇ ਨਿਰੀਖਣ ਨੇ ਸਾਬਤ ਕਰ ਦਿੱਤਾ ਹੈ ਕਿ ਪੰਜਾਬ ਸਰਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਯਕੀਨੀ ਬਣਾਉਣ ਵਿੱਚ ਬੁਰੀ ਤਰ੍ਹਾਂ ਨਾਕਾਮ ਰਹੀ ਹੈ। ਅਜਿਹੇ ਮੌਕੇ ਪੰਜਾਬ ਪੁਲਿਸ ਦੇ ਉੱਚ ਅਧਿਕਾਰੀ ਮੌਕੇ ’ਤੇ ਮੌਜੂਦ ਨਹੀਂ ਸਨ।