ਨਵੀਂ ਦਿੱਲੀ:ਗੋ ਫਸਟ ਤੋਂ ਬਾਅਦ ਇੱਕ ਹੋਰ ਏਅਰਲਾਈਨ ਕੰਪਨੀ ਅਲਾਇੰਸ ਏਅਰ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੀ ਹੈ। ਜਿਨ੍ਹਾਂ ਦੀ ਮਦਦ ਲਈ ਸਰਕਾਰ ਹੱਥ ਵਧਾ ਰਹੀ ਹੈ। ਸਰਕਾਰ ਇਸ ਖੇਤਰੀ ਏਅਰਲਾਈਨ ਕੰਪਨੀ ਅਲਾਇੰਸ ਏਅਰ ਵਿੱਚ 300 ਕਰੋੜ ਰੁਪਏ ਦਾ ਨਿਵੇਸ਼ ਕਰਨ ਜਾ ਰਹੀ ਹੈ। ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਇਸ ਨਿਵੇਸ਼ ਨੂੰ ਵੀ ਮਨਜ਼ੂਰੀ ਦੇ ਦਿੱਤੀ ਗਈ ਹੈ। ਦੱਸ ਦਈਏ ਕਿ ਇਸ ਨਿਵੇਸ਼ ਨਾਲ ਆਰਥਿਕ ਸੰਕਟ 'ਚ ਫਸੀ ਏਅਰਲਾਈਨ ਕੰਪਨੀ ਦੀ ਮੁਸ਼ਕਿਲ ਨੂੰ ਦੂਰ ਕਰਨ 'ਚ ਮਦਦ ਮਿਲੇਗੀ।
ਪਹਿਲਾਂ ਏਅਰ ਇੰਡਿਆ ਦਾ ਹਿੱਸਾ ਸੀ ਅਲਾਇੰਸ ਏਅਰਲਾਈਨ: ਆਰਥਿਕ ਸੰਕਟ ਦਾ ਸਾਹਮਣਾ ਕਰ ਰਹੀ ਏਅਰਲਾਈਨ ਕੰਪਨੀ ਅਲਾਇੰਸ ਏਅਰ ਪਹਿਲਾਂ ਏਅਰ ਇੰਡੀਆ ਦਾ ਹਿੱਸਾ ਸੀ। ਪਰ ਹੁਣ ਇਹ ਐਸੇਟ ਹੋਲਡਿੰਗ ਲਿਮਟਿਡ (AIAHL) ਦੀ ਅਗਵਾਈ ਵਾਲੀ ਇੱਕ ਕੰਪਨੀ ਹੈ। AIAHL ਕੇਂਦਰ ਸਰਕਾਰ ਦਾ ਇੱਕ ਵਿਸ਼ੇਸ਼ ਉਦੇਸ਼ ਵਾਹਨ ਹੈ। ਜਿਸ ਨੂੰ ਕੇਂਦਰ ਸਰਕਾਰ ਨੇ ਇੱਕ ਖਾਸ ਮਕਸਦ ਲਈ ਬਣਾਇਆ ਹੈ। ਪਿਛਲੇ ਕੁਝ ਸਾਲਾਂ ਤੋਂ ਕੰਪਨੀ ਵਿੱਤੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੀ ਹੈ, ਜੋ ਕਿ ਕਰੋਨਾ ਮਹਾਮਾਰੀ ਅਤੇ ਉਸ ਤੋਂ ਬਾਅਦ ਲੌਕਡਾਊਨ ਦੇ ਪ੍ਰਭਾਵ ਕਾਰਨ ਹੋਰ ਗੰਭੀਰ ਹੋ ਗਿਆ। ਵਿੱਤੀ ਸੰਕਟ ਦਾ ਸਾਹਮਣਾ ਕਰ ਰਹੀ ਅਲਾਇੰਸ ਏਅਰ ਰੋਜ਼ਾਨਾ ਕਰੀਬ 130 ਉਡਾਣਾਂ ਚਲਾਉਂਦੀ ਹੈ।