ਨਵੀਂ ਦਿੱਲੀ: ਸ਼ਿਵ ਸੈਨਾ ਆਗੂ ਸੰਜੇ ਰਾਉਤ ਨੇ ਕਿਹਾ ਕਿ ਚੀਫ ਆਫ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ (CDS General Bipin Rawat) ਦੀ ਹੈਲੀਕਾਪਟਰ ਹਾਦਸੇ 'ਚ ਮੌਤ ਲੋਕਾਂ ਦੇ ਮਨਾਂ 'ਚ ਖਦਸ਼ਾ ਪੈਦਾ ਕਰਦੀ ਹੈ। ਰਾਜ ਸਭਾ ਮੈਂਬਰ ਰਾਉਤ (ਐਮਪੀ ਸੰਜੇ ਰਾਉਤ) ਨੇ ਕਿਹਾ ਕਿ ਜਨਰਲ ਰਾਵਤ ਨੇ ਹਾਲ ਹੀ ਦੇ ਸਮੇਂ ਵਿੱਚ ਚੀਨ ਅਤੇ ਪਾਕਿਸਤਾਨ ਦੇ ਖਿਲਾਫ਼ ਦੇਸ਼ ਦੀ ਫੌਜੀ ਪ੍ਰਤੀਕਿਰਿਆ ਨੂੰ ਤਿਆਰ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਇਸ ਲਈ ਜਦੋਂ ਅਜਿਹਾ ਕੋਈ ਹਾਦਸਾ ਵਾਪਰਦਾ ਹੈ ਤਾਂ ਲੋਕਾਂ ਦੇ ਮਨਾਂ ਵਿੱਚ ਖਦਸ਼ੇ ਪੈਦਾ ਹੋ ਜਾਂਦੇ ਹਨ।
ਰਾਉਤ ਨੇ ਕਿਹਾ ਕਿ ਜਨਰਲ ਰਾਵਤ ਨੂੰ ਲੈ ਕੇ ਜਾਣ ਵਾਲਾ ਹੈਲੀਕਾਪਟਰ ਦੋ ਇੰਜਣਾਂ ਨਾਲ ਸੰਚਾਲਿਤ ਆਧੁਨਿਕ ਹੈਲੀਕਾਪਟਰ ਸੀ। ਉਨ੍ਹਾਂ ਸਵਾਲ ਕੀਤਾ ਕਿ ਅਸੀਂ ਹਥਿਆਰਬੰਦ ਬਲਾਂ ਦੇ ਆਧੁਨਿਕੀਕਰਨ ਦਾ ਦਾਅਵਾ ਕਰਦੇ ਹਾਂ ਤਾਂ ਅਜਿਹਾ ਕਿਵੇਂ ਹੋ ਸਕਦਾ ਹੈ ? ਉਨ੍ਹਾਂ ਕਿਹਾ ਕਿ ਇਹ ਹਾਦਸਾ ਪੂਰੇ ਦੇਸ਼ ਅਤੇ ਲੀਡਰਸ਼ਿਪ ਨੂੰ ਭੰਬਲਭੂਸੇ ਵਿੱਚ ਪਾ ਸਕਦਾ ਹੈ ਅਤੇ ਰੱਖਿਆ ਮੰਤਰੀ ਜਾਂ ਪ੍ਰਧਾਨ ਮੰਤਰੀ ਨੂੰ ਸਾਰੇ ਖਦਸ਼ੇ ਦੂਰ ਕਰਨੇ ਚਾਹੀਦੇ ਹਨ।
ਸ਼ਿਵਸੇਨਾ ਆਗੂ ਰਾਉਤ (Shivsena Leader Raut) ਨੇ ਇਹ ਵੀ ਕਿਹਾ ਕਿ ਜਨਰਲ ਰਾਵਤ ਨੇ ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਵੱਲੋਂ ਕੀਤੇ ਗਏ ਹਵਾਈ ਹਮਲਿਆਂ ਵਿੱਚ ਵੀ ਅਹਿਮ ਭੂਮਿਕਾ ਨਿਭਾਈ ਸੀ। ਅਜਿਹੇ ਵਿੱਚ ਉਨ੍ਹਾਂ ਦੀ ਮੌਤ(CDS General Bipin Rawat death) ਨਾਲ ਕਈ ਸ਼ੰਕੇ ਖੜ੍ਹੇ ਕੀਤੇ ਜਾ ਰਹੇ ਹਨ।