ਨਵੀਂ ਦਿੱਲੀ:ਦਿੱਲੀ ਆਬਕਾਰੀ ਘੁਟਾਲੇ ਦੀ ਜਾਂਚ ਕਰ ਰਹੀ ਸੀਬੀਆਈ ਵੱਲੋਂ ਪੁੱਛਗਿੱਛ ਲਈ ਸੰਮਨ ਕੀਤੇ ਗਏ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਐਤਵਾਰ ਨੂੰ ਸੀਬੀਆਈ ਹੈੱਡਕੁਆਰਟਰ ਜਾਣਗੇ। ਇਸ ਤੋਂ ਠੀਕ ਪਹਿਲਾਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਕ ਵਾਰ ਫਿਰ ਖਦਸ਼ਾ ਪ੍ਰਗਟਾਇਆ ਹੈ ਕਿ ਸੀਬੀਆਈ ਐਤਵਾਰ ਨੂੰ ਮਨੀਸ਼ ਸਿਸੋਦੀਆ ਨੂੰ ਗ੍ਰਿਫਤਾਰ ਕਰ ਸਕਦੀ ਹੈ। ਇਸ ਦੇ ਨਾਲ ਹੀ, ਮਨੀਸ਼ ਸਿਸੋਦੀਆ ਦੇ ਘਰ ਨੂੰ ਜਾਣ ਵਾਲੇ ਰਸਤੇ 'ਤੇ ਭਾਰੀ ਸੁਰੱਖਿਆ ਬਲ ਤਾਇਨਾਤ ਕੀਤਾ ਗਿਆ ਹੈ।
ਝੂਠੇ ਦੋਸ਼ਾਂ ਹੇਠ ਜੇਲ੍ਹ ਜਾਣਾ ਛੋਟੀ ਗੱਲ: ਇਸ ਨੂੰ ਲੈ ਕੇ ਮਨੀਸ਼ ਸਿਸੋਦੀਆ ਨੇ ਟਵੀਟ ਕਰਦਿਆ ਲਿਖਿਆ ਕਿ 'ਅੱਜ ਫਿਰ ਸੀਬੀਆਈ ਜਾ ਰਿਹਾ ਹਾਂ। ਸਾਰੀ ਜਾਂਚ ਵਿੱਚ ਪੂਰਾ ਸਹਿਯੋਗ ਕਰਾਂਗਾ। ਲੱਖਾਂ ਬੱਚਿਆਂ ਦਾ ਪਿਆਰ ਤੇ ਕਰੋੜਾਂ ਦੇਸ਼ਵਾਸੀਆਂ ਦਾ ਆਸ਼ੀਰਵਾਦ ਨਾਲ ਹੈ। ਕੁਝ ਮਹੀਨੇ ਜੇਲ੍ਹ ਵਿੱਚ ਵੀ ਰਹਿਣਾ ਪਵੇ, ਤਾਂ ਕੋਈ ਪਰਵਾਹ ਨਹੀਂ ਭਗਤ ਸਿੰਘ ਦੇ ਸਮਰਥਕ ਹਾਂ। ਦੇਸ਼ ਲਈ ਭਗਤ ਸਿੰਘ ਫਾਂਸੀ ਉੱਤੇ ਝੂਲ ਗਏ। ਅਜਿਹੇ ਵਿੱਚ ਝੂਠੇ ਦੋਸ਼ਾਂ ਕਾਰਨ ਜੇਲ੍ਹ ਜਾਣਾ, ਤਾਂ ਛੋਟੀ ਜਿਹੀ ਗੱਲ ਹੈ।'
ਕੇਜਰੀਵਾਲ ਨੂੰ ਸਤਾ ਰਿਹੈ ਇਹ ਡਰ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਕ ਪ੍ਰੋਗਰਾਮ ਦੌਰਾਨ ਕਿਹਾ ਕਿ ਉਨ੍ਹਾਂ ਦੇ ਸੂਤਰਾਂ ਨੇ ਦੱਸਿਆ ਹੈ ਕਿ ਸੀਬੀਆਈ ਐਤਵਾਰ ਨੂੰ ਮਨੀਸ਼ ਸਿਸੋਦੀਆ ਨੂੰ ਗ੍ਰਿਫਤਾਰ ਕਰੇਗੀ। ਇਹ ਬਹੁਤ ਦੁੱਖ ਦੀ ਗੱਲ ਹੈ। ਕੇਜਰੀਵਾਲ ਨੇ ਕਿਹਾ ਕਿ ਅਗਸਤ ਮਹੀਨੇ 'ਚ ਉਨ੍ਹਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਇਸ ਤੋਂ ਬਾਅਦ ਸਿਸੋਦੀਆ ਦੇ ਘਰ ਛਾਪਾ ਮਾਰਿਆ ਗਿਆ, ਬੈਂਕ ਦੇ ਲਾਕਰਾਂ ਦੀ ਤਲਾਸ਼ੀ ਲਈ ਗਈ। ਉਨ੍ਹਾਂ ਦੇ ਸਕੱਤਰੇਤ ਦਫ਼ਤਰ 'ਤੇ ਛਾਪੇਮਾਰੀ ਕੀਤੀ ਗਈ। ਉਨ੍ਹਾਂ ਦੇ ਜੱਦੀ ਪਿੰਡ ਦੀਆਂ ਜਾਇਦਾਦਾਂ 'ਤੇ ਛਾਪੇ ਮਾਰੇ ਗਏ। ਪਰ, ਅਜੇ ਤੱਕ ਕੁਝ ਨਹੀਂ ਮਿਲਿਆ। ਸਿਸੋਦੀਆ ਨੇ ਸਿੱਖਿਆ ਦੇ ਖੇਤਰ ਵਿੱਚ ਜੋ ਕੰਮ ਕੀਤਾ ਹੈ, ਉਹ ਬੇਮਿਸਾਲ ਹੈ।
ਅਸੀਂ ਸਾਰੇ ਤੁਹਾਡੀ ਉਡੀਕ ਕਰਾਂਗੇ :ਅਰਵਿੰਦ ਕੇਜਰੀਵਾਲ ਨੇ ਟਵੀਟ ਕਰਦਿਆ ਲਿਖਿਆ ਕਿ, 'ਪ੍ਰਮਾਤਮਾ ਤੁਹਾਡੇ ਨਾਲ ਹੈ ਮਨੀਸ਼। ਲੱਖਾਂ ਬੱਚਿਆਂ ਤੇ ਉਨ੍ਹਾਂ ਦੇ ਮਾਂਪਿਓ ਦੀਆਂ ਦੁਆਵਾਂ ਤੁਹਾਡੇ ਨਾਲ ਹਨ। ਜਦੋਂ ਤੁਸੀਂ ਅਪਣੇ ਦੇਸ਼ ਤੇ ਸਮਾਜ ਲਈ ਜੇਲ੍ਹ ਜਾਂਦੇ ਹੋ, ਤਾਂ ਜੇਲ੍ਹ ਜਾਣਾ ਦੂਸ਼ਣ ਨਹੀਂ, ਭੂਸ਼ਣ ਹੁੰਦਾ ਹੈ। ਪ੍ਰਭੂ ਤੋਂ ਕਾਮਨਾ ਕਰਦਾ ਹਾਂ ਕਿ ਤੁਸੀਂ ਜਲਦ ਜੇਲ੍ਹ ਤੋਂ ਵਾਪਸ ਆਓ। ਦਿੱਲੀ ਦੇ ਬੱਚੇ, ਮਾਂਪਿਓ ਤੇ ਅਸੀਂ ਸਾਰੇ ਤੁਹਾਡੀ ਉਡੀਕ ਕਰਾਂਗੇ।'
ਮੇਰੇ ਖਿਲਾਫ ਕੁਝ ਨਹੀਂ ਮਿਲਿਆ: ਦਿੱਲੀ ਆਬਕਾਰੀ ਘੁਟਾਲੇ ਦੀ ਜਾਂਚ ਕਰ ਰਹੀ ਸੀਬੀਆਈ ਵੱਲੋਂ ਸੱਦੇ ਜਾਣ ’ਤੇ ਸਿਸੋਦੀਆ ਦਾ ਕਹਿਣਾ ਹੈ ਕਿ ਸੀਬੀਆਈ, ਈਡੀ ਨੇ ਉਨ੍ਹਾਂ ਖ਼ਿਲਾਫ਼ ਪੂਰੀ ਤਾਕਤ ਲਗਾ ਦਿੱਤੀ ਹੈ। ਘਰ 'ਤੇ ਛਾਪੇਮਾਰੀ ਅਤੇ ਬੈਂਕ ਲਾਕਰ ਦੀ ਤਲਾਸ਼ੀ ਲੈਣ 'ਤੇ ਵੀ ਕਿਤੇ ਵੀ ਮੇਰੇ ਖਿਲਾਫ ਕੁਝ ਨਹੀਂ ਮਿਲਿਆ। ਉਨ੍ਹਾਂ ਨੇ ਕਿਹਾ ਹੈ ਕਿ ਮੈਂ ਹਮੇਸ਼ਾ ਜਾਂਚ 'ਚ ਸਹਿਯੋਗ ਕੀਤਾ ਹੈ ਅਤੇ ਕਰਦਾ ਰਹਾਂਗਾ। ਇਸ ਮਾਮਲੇ 'ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਆਤਿਸ਼ੀ ਨੇ ਕਿਹਾ ਕਿ ਪਹਿਲਾਂ ਵੀ ਅਜਿਹੇ ਮਾਮਲਿਆਂ 'ਚ 'ਆਪ' ਆਗੂਆਂ ਅਤੇ ਵਿਧਾਇਕਾਂ ਨੂੰ ਪ੍ਰੇਸ਼ਾਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਹ ਕੋਈ ਨਵੀਂ ਗੱਲ ਨਹੀਂ ਹੈ।