ਨਵੀਂ ਦਿੱਲੀ: ਨਵੀਂ ਆਬਕਾਰੀ ਨੀਤੀ ਵਿੱਚ ਕਥਿਤ ਬੇਨਿਯਮੀਆਂ ਨੂੰ ਲੈ ਕੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਲਾਕਰ ਦੀ ਜਾਂਚ ਲਈ ਸੀਬੀਆਈ ਅੱਜ ਪਹੁੰਚ ਰਹੀ ਹੈ। ਮਨੀਸ਼ ਸਿਸੋਦੀਆ ਨੇ ਖੁਦ ਸੋਮਵਾਰ ਨੂੰ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਸੀ।
ਉਨ੍ਹਾਂ ਕਿਹਾ ਸੀ ਕਿ ਕੱਲ੍ਹ ਸੀਬੀਆਈ ਸਾਡੇ ਬੈਂਕ ਲਾਕਰ ਨੂੰ ਦੇਖਣ ਆ ਰਹੀ ਹੈ। 19 ਅਗਸਤ ਨੂੰ ਮੇਰੇ ਘਰ 'ਤੇ 14 ਘੰਟੇ ਦੀ ਛਾਪੇਮਾਰੀ ਦੌਰਾਨ ਕੁਝ ਵੀ ਨਹੀਂ ਮਿਲਿਆ। ਲਾਕਰ 'ਚ ਵੀ ਕੁਝ ਨਹੀਂ ਮਿਲੇਗਾ। ਸੀਬੀਆਈ ਤੁਹਾਡਾ ਸੁਆਗਤ ਹੈ। ਮੇਰਾ ਅਤੇ ਮੇਰੇ ਪਰਿਵਾਰ ਨੂੰ ਜਾਂਚ ਵਿੱਚ ਪੂਰਾ ਸਹਿਯੋਗ ਰਹੇਗਾ । ਇਸ ਦੇ ਨਾਲ ਹੀ ਵਿਧਾਨ ਸਭਾ ਕੰਪਲੈਕਸ 'ਚ ਦੇਰ ਰਾਤ ਤੋਂ 'ਆਪ' ਅਤੇ ਭਾਜਪਾ ਵਿਧਾਇਕਾਂ ਦਾ ਧਰਨਾ ਜਾਰੀ ਹੈ।
ਦੱਸ ਦਈਏ ਕਿ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਕੱਲ੍ਹ ਦਿੱਲੀ ਵਿਧਾਨ ਸਭਾ 'ਚ ਉਪ ਰਾਜਪਾਲ ਵੀਕੇ ਸਕਸੈਨਾ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਹੰਗਾਮਾ ਕੀਤਾ। ਉਸ 'ਤੇ ਨੋਟਬੰਦੀ ਦੌਰਾਨ ਕਰੀਬ 1400 ਕਰੋੜ ਰੁਪਏ ਦੇ ਕਾਲੇ ਧਨ ਨੂੰ ਚਿੱਟੇ 'ਚ ਬਦਲਣ ਦਾ ਇਲਜ਼ਾਮ ਸੀ। ਵਿਧਾਇਕਾਂ ਦੇ ਹੰਗਾਮੇ ਕਾਰਨ ਸਦਨ ਦੀ ਕਾਰਵਾਈ ਮੰਗਲਵਾਰ ਤੱਕ ਲਈ ਮੁਲਤਵੀ ਕਰ ਦਿੱਤੀ ਗਈ। ਇਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ' ਵਿਧਾਇਕ ਪੂਰੀ ਰਾਤ ਮਹਾਤਮਾ ਗਾਂਧੀ ਦੇ ਬੁੱਤ ਹੇਠਾਂ ਧਰਨੇ 'ਤੇ ਬੈਠੇ ਰਹੇ। ਇਸ ਦੇ ਨਾਲ ਹੀ ਭਾਜਪਾ ਦੇ ਵਿਧਾਇਕ ਵੀ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦੇ ਬੁੱਤਾਂ ਹੇਠਾਂ ਧਰਨੇ 'ਤੇ ਬੈਠ ਗਏ।
ਕਾਬਿਲੇਗੌਰ ਹੈ ਕਿ 19 ਅਗਸਤ ਨੂੰ ਸੀਬੀਆਈ ਨੇ ਸਿਸੋਦੀਆ ਦੇ ਘਰ ਕਰੀਬ 14 ਘੰਟੇ ਛਾਪੇਮਾਰੀ ਕੀਤੀ ਸੀ। ਇਸ ਤੋਂ ਬਾਅਦ 'ਆਪ' ਨੇ ਭਾਜਪਾ 'ਤੇ ਕਈ ਗੰਭੀਰ ਦੋਸ਼ ਲਾਏ। ਮੁੱਖ ਮੰਤਰੀ ਕੇਜਰੀਵਾਲ ਨੇ ਭਾਜਪਾ 'ਤੇ 'ਆਪ' ਵਿਧਾਇਕਾਂ ਨੂੰ ਖਰੀਦਣ ਅਤੇ ਸਰਕਾਰ ਨੂੰ ਡੇਗਣ ਦਾ ਦੋਸ਼ ਲਗਾਇਆ। ਇਸ ਤੋਂ ਬਾਅਦ ਉਨ੍ਹਾਂ ਨੇ ਇਕਜੁੱਟਤਾ ਦਾ ਪ੍ਰਦਰਸ਼ਨ ਕਰਨ ਲਈ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਇਆ। ਸਦਨ 'ਚ ਅੱਜ ਵੀ ਇਸ 'ਤੇ ਚਰਚਾ ਹੋਵੇਗੀ।
ਇਹ ਵੀ ਪੜੋ:ਅਰਥ ਸ਼ਾਸਤਰੀ ਅਤੇ ਯੋਜਨਾ ਕਮਿਸ਼ਨ ਦੇ ਸਾਬਕਾ ਮੈਂਬਰ ਅਭਿਜੀਤ ਸੇਨ ਦਾ ਦਿਹਾਂਤ